ਚੰਡੀਗੜ੍ਹ: ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਕਮਾਨ ਸੌਂਪੇ ਜਾਣ ਬਾਅਦ ਸੂਬੇ ਵਿੱਚ ਸਿਆਸੀ ਹਲਚਲ ਵਧ ਗਈ ਹੈ। ਬੀਜੇਪੀ ਨੇ ਕਿਹਾ ਹੈ ਕਿ ਪ੍ਰਿਅੰਕਾ ਨੂੰ ਜ਼ਿੰਮੇਦਾਰੀ ਦੇਣ ਬਾਅਦ ਵੀ ਕਾਂਗਰਸ ਨੂੰ ਉੱਤਰ ਪ੍ਰਦੇਸ਼ ਵਿੱਚ ਕਈ ਫਾਇਦਾ ਨਹੀਂ ਹੋਏਗਾ। ਉੱਧਰ ਕਾਂਗਰਸ ਨੇ ਪ੍ਰਿਅੰਕਾ ਦੇ ਸਹਾਰੇ ਜ਼ੋਰ-ਸ਼ੋਰ ਨਾਲ ਚੋਣਾਂ ਦੀ ਤਿਆਰ ਸ਼ੁਰੂ ਕਰ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਕਾਂਗਰਸ ਦਿੱਲੀ ਦੀ ਬਜਾਏ ਲਖਨਊ ਵਿੱਚ 4 ਫਰਵਰੀ ਨੂੰ ਪ੍ਰਿਅੰਕਾ ਨੂੰ ਚਾਰਜ ਸੌਂਪੇਗੀ।
ਪ੍ਰਿਅੰਕਾ ਗਾਂਧੀ ਨੂੰ ਵਾਗਡੋਰ ਸੌਂਪਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਇਸੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਪ੍ਰਿਅੰਕਾ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਤੋਂ ਚੋਣਾਂ ਲੜ ਸਕਦੇ ਹਨ। ਯਾਦ ਰਹੇ ਕਿ ਰਾਏਬਰੇਲੀ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ।
ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਪ੍ਰਿਅੰਕਾ ਰਾਏਬਰੇਲੀ ਤੇ ਅਮੇਠੀ ਵਿੱਚ ਸਰਗਰਮ ਰਹਿ ਚੁੱਕੇ ਹਨ। ਹੁਣ ਤਕ ਉਹ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੇ ਚੋਣ ਪ੍ਰਚਾਰ ਦੇਖ ਰਹੀ ਸੀ। ਉਨ੍ਹਾਂ ਦੋਵਾਂ ਦੀਆਂ ਸੀਟਾਂ ’ਤੇ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਨੇ ਪਹਿਲਾਂ ਹੀ ਉਮੀਦਵਾਰ ਨਾ ਉਤਾਰਨ ਦਾ ਐਲਾਨ ਕਰ ਦਿੱਤਾ ਹੈ।
ਪ੍ਰਿਅੰਕਾ ਦੇ ਰਾਏਬਰੇਲੀ ਤੋਂ ਚੋਣਾਂ ਲੜਨ ਬਾਰੇ ਪਾਰਟੀ ਹਾਲੇ ਤਕ ਚੁੱਪ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਜ਼ਰੂਰ ਕਿਹਾ ਹੈ ਕਿ ਪ੍ਰਿਅੰਕਾ ਖ਼ੁਦ ਹੀ ਚੋਣਾਂ ਲੜਨ ਦਾ ਫੈਸਲਾ ਕਰਨਗੇ। ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਨਾਲ ਕਾਂਗਰਸ ਵਰਕਰ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਉਸ ਦੀ ਇੰਦਰਾ ਗਾਂਧੀ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਈ ਥਾਈਂ ‘ਵਾਪਸ ਆਈ ਇੰਦਰਾ’ ਦੇ ਪੋਸਟਰ ਵੀ ਲਾਏ ਗਏ ਹਨ।