ਝਾਰਖੰਡ 'ਚ ਅੱਜ ਤੋਂ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਸ਼ੁਰੂ ਹੋ ਚੁੱਕੀ ਹੈ। 6 ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀਆਂ 13 ਸੀਟਾਂ 'ਤੇ ਵੋਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਨਕਸਲਵਾਦੀਆਂ ਨੇ ਗੁਮਲਾ ਜ਼ਿਲ੍ਹੇ 'ਚ ਇੱਕ ਪੁਲ ਨੂੰ ਉਡਾ ਦਿੱਤਾ। ਜਦਕਿ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਵੋਟਿੰਗ 'ਤੇ ਕੋਈ ਅਸਰ ਨਹੀਂ ਹੋਇਆ।


ਸੂਬੇ 'ਚ ਚੱਲ ਰਹੀ ਪੋਲਿੰਗ ਦੌਰਾਨ ਗੁਮਲਾ ਜ਼ਿਲ੍ਹੇ ਦੇ ਵਿਸ਼ਨੂੰਪੁਰ ਵਿਧਾਨ ਸਭਾ ਹਲਕੇ 'ਚ ਧਮਾਕਾ ਹੋਇਆ ਸੀ। ਨਕਸਲਵਾਦੀਆਂ ਨੇ ਘਘਰਾ ਤੋਂ ਕਥਥੋਕਵਾ ਜਾਣ ਵਾਲੀ ਸੜਕ 'ਤੇ ਤਿੰਨ ਸਪੈਨਿਸ਼ ਬ੍ਰਿਜ ਉੱਡਾ ਦਿੱਤੇ। ਨਕਸਲੀਆਂ ਨੇ ਡਰ ਦਾ ਮਾਹੌਲ ਪੈਦਾ ਕਰਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਨਕਸਲਵਾਦੀਆਂ ਨੇ ਵੋਟਿੰਗ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਹੈ।

ਵਿਸ਼ਨੂੰਪੁਰ ਵਿਧਾਨ ਸਭਾ ਹਲਕੇ 'ਚ ਇਸ ਪੁੱਲ ਨੂੰ ਉਡਾਉਣ ਦੀ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਗੁਮਲਾ ਦੇ ਡਿਪਟੀ ਕਮਿਸ਼ਨਰ ਸ਼ਸ਼ੀ ਰੰਜਨ ਨੇ ਨਿਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਹਮਲੇ ਕਾਰਨ ਵੋਟ ਪਾਉਣ ‘ਤੇ ਕੋਈ ਅਸਰ ਨਹੀਂ ਹੋਇਆ। ਲੋਕ ਅਜੇ ਵੀ ਵੋਟ ਪਾਉਣ ਆ ਰਹੇ ਹਨ। ਪੁਲਿਸ ਨੇ ਇਲਾਕੇ 'ਚ ਕੰਬਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।