ਸੁਕਮਾ: ਛੱਤੀਸਗੜ੍ਹ ਦੇ ਸੁਕਮਾ ਵਿੱਚ ਪੁਲਿਸ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ 17 ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲੇ ਸੈਨਿਕਾਂ ਵਿੱਚ ਐਸਟੀਐਫ ਤੇ ਡੀਆਰਜੀ ਜਵਾਨ ਸ਼ਾਮਲ ਹਨ। 12 ਜਵਾਨ ਡੀਆਰਜੀ ਯਾਨੀ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਹਨ ਜਦੋਂਕਿ 5 ਜਵਾਨ ਐਸਟੀਐਫ ਯਾਨੀ ਸਪੈਸ਼ਲ ਟਾਸਕ ਫੋਰਸ ਨਾਲ ਸਬੰਧਤ ਹਨ।
ਸ਼ਨੀਵਾਰ ਸਵੇਰੇ, ਡੀਆਰਜੀ ਤੇ ਐਸਟੀਐਫ ਦੀ ਇੱਕ ਟੀਮ ਵੱਡੀ ਗਿਣਤੀ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਖ਼ਬਰ 'ਤੇ ਸੁਕਮਾ ਜ਼ਿਲ੍ਹੇ ਦੇ ਮਿਨਾਪਾ ਖੇਤਰ ਵਿੱਚ ਤਲਾਸ਼ੀ ਲਈ ਗਈ ਸੀ। ਇਸ ਟੀਮ ਦਾ ਨਿਸ਼ਾਨਾ ਬਟਾਲੀਅਨ ਨੰਬਰ 1 ਸੀ। ਇਹ ਛੱਤੀਸਗੜ੍ਹ ਦੀ ਸਭ ਤੋਂ ਖਤਰਨਾਕ ਬਟਾਲੀਅਨ ਹੈ। ਇਨ੍ਹਾਂ ਮਹੀਨਿਆਂ ਦੇ ਵਿਚਕਾਰ, ਹਰ ਸਾਲ ਨਕਸਲੀਆਂ ਵਲੋਂ ਇੱਕ ਵੱਡੇ ਹਮਲੇ ਦੀ ਤਿਆਰੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਵੀ ਛੱਤੀਸਗੜ੍ਹ ਪੁਲਿਸ ਦੇ ਜਵਾਨਾਂ ਨੇ ਜੰਗਲ ਵਿੱਚ ਜਾ ਕੇ ਕਾਰਵਾਈ ਕਰਨ ਦਾ ਫੈਸਲਾ ਲਿਆ।
ਸੁਕਮਾ ਦੇ ਕੋਰਜਾਗੁੜਾ ਦੇ ਜੰਗਲਾਂ ਵਿੱਚ ਜਵਾਨਾਂ ਨੇ ਨਕਸਲੀਆਂ ਦਾ ਸਾਹਮਣਾ ਕੀਤਾ। ਇਥੇ ਵੱਡੀ ਗਿਣਤੀ ਵਿੱਚ ਨਕਸਲਵਾਦੀ ਪਹਿਲਾਂ ਹੀ ਮੌਜੂਦ ਸਨ। ਦੋਵਾਂ ਪਾਸਿਆਂ ਤੋਂ ਕਾਫ਼ੀ ਸਮੇਂ ਤੱਕ ਫਾਇਰਿੰਗ ਚੱਲੀ। ਉਹ ਜਗ੍ਹਾ ਜਿੱਥੇ ਮੁਕਾਬਲਾ ਹੋਇਆ ਸੀ ਓਥੇ ਸੰਘਣਾ ਜੰਗਲ ਹੈ। ਕੋਈ ਬੈਕਅਪ ਪਾਰਟੀ ਸਿਪਾਹੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਨਹੀਂ ਆਈ ਸੀ। ਪੁਲਿਸ ਨੇ ਕਈ ਘੰਟੇ ਨਕਸਲੀਆਂ ਦਾ ਸਾਹਮਣਾ ਕੀਤਾ।
ਡੀਜੀਪੀ ਡੀਐਮ ਅਵਸਥੀ ਦਾ ਦਾਅਵਾ ਹੈ ਕਿ ਇਸ ਮੁਕਾਬਲੇ ਵਿੱਚ ਕਈ ਨਕਸਲੀਆਂ ਨੂੰ ਵੀ ਮਾਰਿਆ ਗਿਆ ਹੈ। ਜਦਕਿ ਛੱਤੀਸਗੜ੍ਹ ਪੁਲਿਸ ਦੇ 17 ਜਵਾਨ ਸ਼ਹੀਦ ਹੋਏ ਹਨ ਤੇ 14 ਜ਼ਖਮੀ ਹਨ।