ਨਵੀਂ ਦਿੱਲੀ: ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਗਸਤਾ ਵੇਸਟਲੈਂਡ ਹੈਲੀਕਾਪਟਰ ਘਪਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਤੇ ਕਾਰੋਬਾਰੀ ਰਤੁਲ ਪੁਰੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਵਿਸ਼ੇਸ ਜੱਜ ਅਰਵਿੰਦ ਕੁਮਾਰ ਨੇ ਬੁੱਧਵਾਰ ਨੂੰ ਈਡੀ ਦੇ ਕਹਿਣ ‘ਤੇ ਪੁਰੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।


ਈਡੀ ਨੇ ਅਦਾਲਤ ਨੂੰ ਕਿਹਾ ਸੀ ਕਿ ਪੁਰੀ ਸਹਿਯੋਗ ਨਹੀਂ ਕਰ ਰਿਹਾ ਤੇ ਉਸਦਾ ਪਤਾ ਵੀ ਨਹੀਂ ਲੱਗ ਰਿਹਾ। ਆਪਣੀ ਅਪੀਲ ‘ਚ ਜਾਂਚ ਏਜੰਸੀ ਨੇ ਕਿਹਾ ਕਿ ਪੁਰੀ ਨੂੰ ਮੰਗਲਵਾਰ ਨੂੰ ਜਾਂਚ ‘ਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਅਦਾਲਤ ਨੇ ਇਸ ਮਾਮਲੇ ‘ਚ ਮੰਗਲਵਾਰ ਨੂੰ ਪੁਰੀ ਦੀ ਜ਼ਮਾਨਤ ਪਟੀਸ਼ਨ ਵੀ ਖਾਰਜ ਕੀਤੀ ਸੀ।


ਇਸ ਤੋਂ ਪਹਿਲਾਂ ਅਦਾਲਤ ਨੇ ਸ਼ਨੀਵਾਰ ਨੂੰ ਉਸ ਨੂੰ ਸੋਮਵਾਰ ਤਕ ਲਈ ਅੰਤਿਮ ਛੁੱਟ ਦੇ ਦਿੱਤੀ ਸੀ, ਜਿਸ ਨੂੰ ਸਮੇਂ-ਸਮੇਂ ‘ਤੇ ਵਧਾ ਦਿੱਤਾ ਗਿਆ। ਪੁਰੀ ਅਗਸਤਾ ਵੇਸਟਲੈਂਡ ਦੇ ਨਾਲ 3600 ਕਰੋੜ ਰੁਪਏ ਦੇ ਹੈਲੀਕਾਪਟਰ ਸੌਦੇ ਨਾਲ ਜੁੜੇ ਮਾਮਲੇ ‘ਚ ਪੁੱਛਗਿੱਛ ਲਈ ਹਾਲ ਹੀ ‘ਚ ਈਡੀ ਸਾਹਮਣੇ ਪੇਸ਼ ਹੋਇਆ ਸੀ।