ਨਵੀਂ ਦਿੱਲੀ: ਦਾਵੋਸਾ ‘ਚ ਇਕੱਠੇ ਹੋਏ ਦੁਨੀਆ ਭਰ ਦੇ ਨੇਤਾ, ਬਿਜਨੈਸਮੈਨ ਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਉਹ ਵਾਤਾਵਰਣ ਨੂੰ ਲੈ ਕੇ ਪਹਿਲਾਂ ਤੋਂ ਵੀ ਕਾਫੀ ਫਿਕਰਮੰਦ ਹਨ। ਦਿਲਚਸਪ ਗੱਲ਼ ਹੈ ਕਿ ਇਸ ਤੋਂ ਬਾਅਦ ਵੀ ਉਹ ਨਿੱਜੀ ਜੈੱਟ ਜਹਾਜ਼ਾਂ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟਦੇ। ਏਅਰ ਚਾਰਟਰ ਸਰਵਿਸ ਮੁਤਾਬਕ ਹਫਤੇ ਦੌਰਾਨ ਸਵਿਸ ਆਲਪਸ ‘ਚ ਦਾਵੋਸ ਨੇੜੇ ਹਵਾਈ ਅੱਡੇ ‘ਤੇ ਕਰੀਬ 1,500 ਨਿੱਜੀ ਜਹਾਜ਼ ਉੱਤਰੇ ਹਨ। ਇਹ ਜਹਾਜ਼ ਹੀ ਵਾਤਾਵਰਨ ਨੂੰ ਸਭ ਤੋਂ ਵੱਧ ਪਲੀਤ ਕਰਦੇ ਹਨ।


ਇਹ ਲੋਕ ਕਿਸੇ ਵਪਾਰਕ ਉਡਾਣ ਦੀ ਥਾਂ ਇੱਥੇ ਆਉਣ ਵਾਲੇ ਪ੍ਰਾਈਵੇਟ ਜੈੱਟ ਦੀ ਆਰਾਮਦਾਇਕ ਉਡਾਣ ਨੂੰ ਤਰਜੀਹ ਦੇ ਰਹੇ ਹਨ। ਪਿਛਲੇ ਸਾਲ ਡਬਲਿਊਈਐਫ ‘ਚ 1,300 ਤੋਂ ਜ਼ਿਆਦਾ ਜਹਾਜ਼ ਇੱਥੇ ਪਹੁੰਚੇ ਸੀ। ਜਦਕਿ ਇੱਕ ਬਲੌਗ ਨੇ ਲਿਖਿਆ ਹੈ ਕਿ ਇਸ ਹਫਤੇ ਦਾਵੌਸ ‘ਚ ਤਕਰੀਬਨ 2 ਹਜ਼ਾਰ ਜਹਾਜ਼ ਉੱਤਰਣਗੇ ਤੇ ਉਡਾਣ ਭਰਨਗੇ।



ਜਿਊਰਿਖ ਦੇ ਹਵਾਈ ਅੱਡੇ ‘ਤੇ ਉਤਰਣ ਤੋਂ ਬਾਅਦ ਕੁਝ ਲੋਕ ਕਾਰ ਤੇ ਟ੍ਰੇਨ ਨਾਲ ਦੋ ਤੋਂ ਤਿੰਨ ਘੰਟੇ ਯਾਤਰਾ ਕਰ ਦਾਵੋਸ ਪਹੁੰਚੇ ਹਨ। ਕੁਝ ਨੇਤਾਵਾਂ ਤੇ ਸੀਓਏ ਨੇ ਸਮਾਂ ਬਚਾਉਣ ਲਈ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਹੈ।

ਡਬਲਿਊਈਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਾਲ ਮੰਚ ਨੂੰ ਵਾਤਾਵਰਣ ਪੱਖੋਂ ਟਿਕਾਊ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਾਈਵੇਟ ਜੈੱਟ ਸਰਕਾਰ ਦੇ ਅਧਿਕਾਰੀਆਂ ਦੇ ਆ ਰਹੇ ਹਨ। ਇਸ ਤਰ੍ਹਾਂ ਦੇ ਸਮਾਗਮ ‘ਚ ਲੋਕਾਂ ਨੂੰ ਲੈ ਕੇ ਆਉਣ ਦਾ ਸਭ ਤੋਂ ਪ੍ਰਭਾਵੀ ਤੇ ਸੁਰੱਖਿਅਤ ਤਰੀਕਾ ਜਹਾਜ਼ ਹੈ।