ਜੈਪੁਰ: ਕੋਰੋਨਾ ਦੇ ਇਲਾਜ ਲਈ ਯੋਗ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੱਲੋਂ ਦਵਾਈ ਕੋਰੋਨਿਲ ਬਣਾਏ ਜਾਣ ਦੇ ਦਾਅਵਿਆਂ ਤੋਂ ਉਨ੍ਹਾਂ ਦੇ ਸਾਥੀ ਨੇ ਪਲਟੀ ਮਾਰ ਲਈ ਹੈ। ਜੈਪੁਰ ਦੀ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਯੂਨੀਵਰਸਿਟੀ (NIMS) ਵਿੱਚ ਕੋਰੋਨਾ ਮਰੀਜ਼ਾਂ 'ਤੇ ਆਪਣੀ ਦਵਾਈ ਦੇ ਸਫਲ ਪ੍ਰੀਖਣ ਦੀ ਗੱਲ ਬਾਬਾ ਰਾਮਦੇਵ ਨੇ ਆਖੀ ਸੀ, ਉਸ ਦੇ ਚੇਅਰਮੈਨ ਡਾ. ਬੀਐਸ ਤੋਮਰ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕਿਸੇ ਦਵਾਈ ਦੀ ਅਜ਼ਮਾਇਸ਼ ਨਹੀਂ ਕੀਤੀ ਗਈ। ਬਿਆਨਬਾਜ਼ੀ ਤੇ ਸਪੱਸ਼ਟੀਕਰਨਾਂ ਤੋਂ ਪੈਦਾ ਹੋਏ ਭੰਬਲਭੂਸੇ ਦਰਮਿਆਨ ਰਾਜਸਥਾਨ ਸਰਕਾਰ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸੂਬੇ ਵਿੱਚ ਰਾਮਦੇਵ ਦੀ ਦਵਾਈ ਵਿਕਦੀ ਦਿੱਸੀ ਤਾਂ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ।


ਡਾ. ਤੋਮਰ ਨੇ ਕਿਹਾ ਕਿ ਬਾਬਾ ਰਾਮਦੇਵ ਨਿਮਸ ਵਿੱਚ ਜਿਸ ਦਵਾਈ ਦੇ ਟ੍ਰਾਇਲ ਦੀ ਗੱਲ ਆਖ ਰਹੇ ਹਨ, ਇੱਥੇ ਅਜਿਹਾ ਕੁਝ ਵੀ ਨਹੀਂ ਹੋਇਆ। ਰਾਮਦੇਵ ਨੇ ਗ਼ਲਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੋਗਾਂ ਸਰੀਰ ਦੀ ਖ਼ਿਲਾਫ਼ ਲੜਨ ਦੀ ਤਾਕਤ ਨੂੰ ਵਧਾਉਣ ਲਈ ਅਸ਼ਵਗੰਧਾ, ਗਲੋਅ ਤੇ ਤੁਲਸੀ ਦੀ ਵਰਤੋਂ ਕੀਤੀ ਸੀ। ਡਾ. ਤੋਮਰ ਨੇ ਕਿਹਾ ਕਿ ਇਹ ਸਿਰਫ ਇਮਿਊਨਿਟੀ ਬੂਸਟਰ ਸੀ ਨਾ ਕਿ ਕਿਸੇ ਕਿਸਮ ਦੀ ਦਵਾਈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਨਹੀਂ ਜਾਣਦੇ ਕਿ ਰਾਮਦੇਵ ਨੇ ਸੌ ਫ਼ੀਸਦ ਇਲਾਜ ਦਾ ਦਾਅਵਾ ਕਿਵੇਂ ਕਰ ਦਿੱਤਾ।





ਉਧਰ, ਸੂਬੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ICMR) ਤੇ ਸਰਕਾਰ ਦੀ ਆਗਿਆ ਤੋਂ ਬਗ਼ੈਰ ਦਵਾਈ ਤਿਆਰ ਕਰਨਾ ਬਿਲਕੁਲ ਗ਼ਲਤ ਹੈ। ਇਸ ਲਈ ਰਾਜਸਥਾਨ ਵਿੱਚ ਇਸ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸੂਬੇ ਵਿੱਚ ਪਤੰਜਲੀ ਦੇ ਸਾਰੇ ਵਿਕਰੀ ਕੇਂਦਰਾਂ 'ਤੇ ਨਿਯਮਿਤ ਨਿਗਰਾਨੀ ਕਰਨ ਦੇ ਵੀ ਹੁਕਮ ਦਿੱਤੇ ਹਨ।


ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਰਾਹੀਂ ਡਰੱਗਸ ਐਂਡ ਕੈਮਿਸਟ ਐਕਟ 1940 ਤੇ 1945 ਤਹਿਤ 21 ਅਪ੍ਰੈਲ 2020 ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੇਂਦਰੀ ਆਯੁਸ਼ ਮੰਤਰਾਲਾ ਦੀ ਆਗਿਆ ਤੋਂ ਬਿਨਾਂ ਕੋਰੋਨਾ ਮਹਾਮਾਰੀ ਦੀ ਦਵਾਈ ਵਜੋਂ ਕਿਸੇ ਵੀ ਆਯੁਰਵੈਦਿਕ ਔਸ਼ਧੀ ਨੂੰ ਵੇਚਿਆ ਨਹੀਂ ਜਾ ਸਕਦਾ। ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਰਾਜਸਥਾਨ ਵਿੱਚ ਇਹ ਦਵਾਈ ਵਿਕਦੀ ਦਿਖਾਈ ਦਿੱਤੀ ਤਾਂ ਰਾਮਦੇਵ ਨੂੰ ਜੇਲ੍ਹ ਹੋਵੇਗੀ।


ਜ਼ਿਕਰਯੋਗ ਹੈ ਕਿ ਤੋਮਰ ਬੁੱਧਵਾਰ ਨੂੰ ਬਾਬਾ ਰਾਮਦੇਵ ਦੇ ਨਾਲ ਮੀਡੀਆ ਸਾਹਮਣੇ ਆਏ ਸਨ, ਜਿੱਥੇ ਯੋਗ ਗੁਰੂ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਪਰ ਹੁਣ ਜਾਪਦਾ ਹੈ ਕਿ ਰਾਜਸਥਾਨ ਸਰਕਾਰ ਦੀ ਸਖ਼ਤੀ ਦੇ ਡਰੋਂ ਤੋਮਰ ਨੇ ਯੂ-ਟਰਨ ਮਾਰ ਲਿਆ ਹੈ।


ਇਹ ਵੀ ਪੜ੍ਹੋ:


ਕੈਪਟਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ

ਟਿਕ-ਟੌਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ

ਪੂਰੀ ਦੁਨੀਆ 'ਚ 97 ਲੱਖ ਨੂੰ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ 'ਚ ਬਣੇ ਖ਼ਤਰਨਾਕ ਹਾਲਾਤ

ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਦੇਸ਼ 'ਚ ਰੇਲ ਸੇਵਾ ਮੁੜ ਤੋਂ ਬੰਦ

ਚੀਨ ਦੇ ਵਧਦੇ ਖਤਰੇ ਨੂੰ ਰੋਕਣ ਲਈ ਭਾਰਤ 'ਚ ਅਮਰੀਕੀ ਫੌਜ ਹੋਵੇਗੀ ਤਾਇਨਾਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ