ਨਵੀਂ ਦਿੱਲੀ: ਦਿੱਲੀ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਵਾਲੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਪੜ੍ਹਾਈ ਵਿਚਾਲੇ ਹੀ ਛੱਡਣ ਲਈ ਮਜਬੂਰ ਹਨ। ਪੜ੍ਹਾਈ ਵਿਚਾਲੇ ਛੱਡਣ ਬਾਰੇ ਹੈਰਾਨ ਕਰਨ ਵਾਲੇ ਕਾਰਨ ਸਾਹਮਣੇ ਆਏ ਹਨ।
ਇਸ ਸਬੰਧੀ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅੰਗਰੇਜ਼ੀ ਭਾਸ਼ਾ 'ਚ ਗੱਲਬਾਤ, ਪਾਠਕ੍ਰਮ 'ਚ ਸ਼ਾਮਲ ਵਾਧੂ ਗਤੀਵਿਧੀਆਂ 'ਤੇ ਹੋਣ ਵਾਲੇ ਵਾਧੂ ਖਰਚ ਤੇ ਸਿੱਖਿਆ 'ਤੇ ਹੋਣ ਵਾਲੇ 'ਬੇਹਿਸਾਬ ਖਰਚ' ਕਾਰਨ ਬੱਚੇ ਪੜ੍ਹਾਈ ਛੱਡ ਰਹੇ ਹਨ। ਇਹ ਸਰਵੇਖਣ ਐਨ.ਸੀ.ਪੀ.ਸੀ.ਆਰ. ਵੱਲੋਂ ਕੀਤਾ ਗਿਆ ਹੈ।
ਦਿੱਲੀ ਦੇ ਪ੍ਰਾਈਵੇਟ ਸਕੂਲਾਂ 'ਚ ਕਮਜ਼ੋਰ ਵਰਗਾਂ ਦੇ ਬੱਚਿਆਂ ਦੇ ਦਾਖਲੇ ਨਾਲ ਸਬੰਧਤ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ 12 (1) (ਸੀ) ਤਹਿਤ ਇਸ ਦੇ ਲਾਗੂ ਹੋਣ ਬਾਰੇ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ 2011 'ਚ ਇਨ੍ਹਾਂ ਗਰੀਬ ਵਰਗਾਂ ਨਾਲ ਸਬੰਧਤ 26 ਫੀਸਦੀ ਬੱਚੇ ਸਕੂਲ ਦੀ ਪੜ੍ਹਾਈ ਵਿਚਾਲੇ ਛੱਡ ਗਏ ਸਨ ਜੋ 2014 ਘੱਟ ਕੇ 10 ਫੀਸਦੀ ਰਹਿ ਗਈ ਹੈ।