ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ 2016-17 ਦੌਰਾਨ 20,339 ਕਰੋੜ ਰੁਪਏ ਫਸੇ ਹੋਏ ਕਰਜ਼ੇ ਨੂੰ ਗੈਰ-ਕਾਰਗੁਜ਼ਾਰੀ ਵਾਲੀ ਜਾਇਦਾਦ (ਐਨ.ਪੀ.ਏ.) ਵਿੱਚ ਪਾ ਦਿੱਤਾ ਹੈ। ਐਨਪੀਏ ਵਿੱਚ ਪਾਈ ਜਾਣ ਵਾਲੀ ਇਹ ਸਰਕਾਰੀ ਬੈਂਕਾਂ ਦੀ ਸਭ ਤੋਂ ਜਿਆਦਾ ਰਕਮ ਹੈ। ਇਸ ਹਿਸਾਬ ਨਾਲ 2016-17 ਵਿੱਚ ਬੈਂਕਾਂ ਦੇ ਬਕਾਏ ਖਾਤੇ ਵਿੱਚ ਕੁੱਲ 81,683 ਕਰੋੜ ਰੁਪਏ ਦੀ ਰਕਮ ਦਾਖਲ ਕੀਤੀ ਗਈ ਹੈ।
ਇਹ ਅੰਕੜੇ ਉਦੋਂ ਦੇ ਹਨ, ਜਦੋਂ ਭਾਰਤੀ ਸਟੇਟ ਬੈਂਕ ਵਿੱਚ ਉਸ ਦੇ ਸਹਿਯੋਗੀ ਬੈਂਕ ਮਰਜ ਨਹੀਂ ਹੋਏ ਸੀ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2012-13 ਵਿੱਚ ਸਰਕਾਰੀ ਬੈਂਕਾਂ ਦੀ ਕੁੱਲ ਐਨਪੀਏ ਖਾਤਾ 27,231 ਕਰੋੜ ਰੁਪਏ ਸੀ। ਇਸ ਤਰ੍ਹਾਂ ਪੰਜ ਸਾਲ ਦੀ ਮਿਆਦ ਵਿੱਚ ਇਹ ਰਕਮ ਤਿੰਨ ਗੁਣਾ ਵਧ ਗਈ ਹੈ। ਵਿੱਤੀ ਸਾਲ 2013-14 ਵਿੱਚ ਸਰਕਾਰੀ ਬੈਂਕਾਂ ਨੇ 34,409 ਕਰੋੜ ਰੁਪਏ ਫਸੇ ਕਰਜ਼ੇ ਦੇ ਬਕਾਏ ਖਾਤੇ ਪਾਏ ਸੀ।
ਵਿੱਤੀ ਸਾਲ 2014-15 ਵਿੱਚ ਇਹ ਰਕਮ 49,018 ਕਰੋੜ ਰੁਪਏ, 2015-16 ਵਿੱਚ 57,585 ਕਰੋੜ ਰੁਪਏ ਤੇ ਮਾਰਚ 2017 ਵਿੱਚ ਖ਼ਤਮ ਹੋਏ ਵਿੱਤੀ ਸਾਲ ਵਿੱਚ 81,683 ਕਰੋੜ ਰੁਪਏ ਪਹੁੰਚ ਗਈ। ਸਟੇਟ ਬੈਂਕ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ 2016-17 ਵਿੱਚ 9,205 ਕਰੋੜ ਰੁਪਏ ਦੇ ਬਕਾਇਆ ਖਾਤੇ ਵਿੱਚ ਪਾਏ ਸਨ।
ਇਸ ਤੋਂ ਬਾਅਦ ਬੈਂਕ ਆਫ ਇੰਡੀਆ ਨੇ 7,346 ਕਰੋੜ ਰੁਪਏ, ਕੇਨਰਾ ਬੈਂਕ ਨੇ 5,545 ਕਰੋੜ ਰੁਪਏ ਤੇ ਬੈਂਕ ਆਫ ਬੜੋਦਾ ਨੇ 4,348 ਕਰੋੜ ਰੁਪਏ ਦੇ ਬਕਾਏ ਖਾਤੇ ਦਾਖਲ ਕੀਤੇ। ਚਾਲੂ ਮਾਲੀ ਵਰ੍ਹੇ ਵਿੱਚ ਸਤੰਬਰ ਛਿਮਾਹੀ ਤਕ ਸਰਕਾਰੀ ਬੈਂਕਾਂ ਨੇ 53,625 ਕਰੋੜ ਰੁਪਏ ਦੇ ਕਰਜ਼ੇ ਨੂੰ ਬਕਾਇਆ ਖਾਤੇ (ਐਨਪੀਏ) ਵਿੱਚ ਪਾ ਦਿੱਤਾ।