ਚੰਡੀਗੜ੍ਹ: ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਕੱਲ੍ਹ ਆਲ ਇੰਡੀਆ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਵਿਦੇਸ਼ੀ ਡਾਂਸਰਾਂ ਦੇ ਅਸ਼ਲੀਲ ਨਾਚ ਨਾਲ ਹੋਈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨਾ ਲਾਲ ਪੰਵਾਰ ਨੇ ਇਸ ਮੁਕਾਬਲੇ ਦਾ ਉਦਘਾਟਨ ਕੀਤਾ। ਜਦੋਂ ਇਹ ਅਸ਼ਲੀਲ ਤੇ ਫੂਹੜ ਡਾਂਸ ਦਰਸ਼ਕਾਂ ਨੂੰ ਦਿਖਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਚੀਫ ਗੈਸਟ ਦੇ ਨਾਲ ਜੀਂਦ ਦੇ ਡੀ.ਸੀ. ਐਸਪੀ ਪੂਰੇ ਪ੍ਰਸ਼ਾਸਕੀ ਅਮਲੇ ਨਾਲ ਮੌਜੂਦ ਸਨ। ਇਹ ਮੁਕਾਬਲਾ ਜੀਂਦ ਦੇ ਏਕਲਵਿਆ ਸਟੇਡੀਅਮ ਵਿੱਚ ਪੰਡਤ ਦੀਨ ਦਿਆਲ ਉਪਧਿਆਇਆ ਦੀ ਯਾਦ ਵਿੱਚ ਕੀਤਾ ਗਿਆ।
ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਇੱਕ ਕਰੋੜ ਰੁਪਏ, ਦੂਸਰਾ ਇਨਾਮ 50 ਲੱਖ ਤੇ ਤੀਜਾ 25 ਲੱਖ ਰੁਪਏ ਹੈ। ਏਕਲਵਿਆ ਸਟੇਡੀਅਮ ਜੀਂਦ ਵਿੱਚ ਆਲ ਇੰਡੀਆ ਨੈਸ਼ਨਲ ਸਟਾਈਲ ਕਬੱਡੀ 2018 ਵਿੱਚ ਦੇਸ਼ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਵਿਚਾਲੇ ਤਿੰਨ ਦਿਨ ਲਈ ਕੁੱਲ 20 ਮੈਚ ਹਨ। ਸੈਮੀਫਾਈਨਲ ਤੇ ਫਾਈਨਲ ਮੈਚ 21 ਫਰਵਰੀ ਨੂੰ ਹੋਵੇਗਾ।
ਵੱਡਾ ਸਵਾਲ ਇਹ ਹੈ ਕਿ ਸਰਕਾਰ ਖੇਡਾਂ ਵੱਲ ਤਾਂ ਧਿਆਨ ਜ਼ਰੂਰ ਦੇ ਰਹੀ ਹੈ ਪਰ ਅਜਿਹੇ ਮੌਕਿਆਂ 'ਤੇ ਇਸ ਕਿਸਮ ਦੀ ਅਸ਼ਲੀਲ ਤੇ ਫੂਹੜ ਨਾਚ ਦਿਖਾਉਣਾ ਕੀ ਜਾਇਜ਼ ਹੈ। ਸਰਕਾਰ ਨੂੰ ਜ਼ਰਾ ਇਸ ਵੱਲ ਵੀ ਸੋਚਣਾ ਚਾਹੀਦਾ ਹੈ।