ਨਵੀਂ ਦਿੱਲੀ: ਉੜੀ ਹਮਲੇ ਸਬੰਧੀ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਨ.ਆਈ.ਏ. ਦੀ ਟੀਮ ਨੇ ਉੱਥੇ ਪਹੁੰਚ ਕੇ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ ਤੇ ਸਬੂਤ ਇਕੱਠੇ ਕੀਤੇ। ਐਨ.ਆਈ.ਏ. ਦੀ ਟੀਮ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦਾਂ ਦੇ ਖ਼ੂਨ ਤੇ ਡੀਐਨਏ ਦੇ ਸੈਂਪਲ ਵੀ ਲਵੇਗੀ।
ਇਸ ਦੇ ਨਾਲ ਹੀ ਸੈਨਾ ਦਹਿਸ਼ਤਗਰਦਾਂ ਤੋਂ ਮਿਲੇ ਤਮਾਮ ਹਥਿਆਰ, ਜੀਪੀਐਸ ਤੇ ਨੈਵੀਗੇਸ਼ਨ ਮੈਪ ਐਨਆਈਏ ਨੂੰ ਸੌਂਪ ਦਿੱਤੇ ਹਨ। ਇਸ ਤੋਂ ਇਲਾਵਾ ਦਹਿਸ਼ਤਗਰਦਾਂ ਤੋਂ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਸੂਤਰਾਂ ਅਨੁਸਾਰ ਜੀਪੀਐਸ ਧਮਾਕੇ ਕਾਰਨ ਟੁੱਟ ਚੁੱਕਾ ਹੈ। ਐਨਆਈਏ ਨੇ ਜੀਪੀਐਸ ਨੂੰ ਜਾਂਚ ਲਈ ਅਮਰੀਕਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਤਾ ਲੱਗੇਗਾ ਕਿ ਦਹਿਸ਼ਤਗਰਦ ਕਿਸੇ ਰੂਟ ਤੋਂ ਜੰਮੂ-ਕਸ਼ਮੀਰ ਵਿੱਚ ਦਾਖਲ ਹੋਏ ਸਨ।
ਹਮਲੇ ਦੀ ਜਾਂਚ ਐਨਆਈਏ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ ਵੱਲੋਂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਐਨਆਈਏ ਦੀ ਟੀਮ ਇੱਕ ਡੋਜ਼ੀਅਰ ਕਰੇਗੀ ਤੇ ਉਸ ਤਹਿਤ ਸਾਰੇ ਸਬੂਤ ਪਾਕਿਸਤਾਨ ਨੂੰ ਸੌਂਪੇ ਜਾਣਗੇ। ਇਸ ਤੋਂ ਇਲਾਵਾ ਸੈਨਾ ਨੇ ਆਪਣੇ ਪੱਧਰ ਉੱਤੇ ਇਸ ਹਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ।