ਜਲੰਧਰ: ਸ਼ਹਿਰ ਵਿੱਚੋਂ ਬੀਤੀ ਨੌਂ ਅਕਤੂਬਰ ਨੂੰ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਤਿੰਨ ਕਸ਼ਮੀਰੀ ਮਾਮਲਿਆਂ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ਕਰੇਗੀ। ਤਿੰਨਾਂ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਨਿੱਜੀ ਵਿੱਦਿਅਕ ਅਦਾਰੇ ਦੇ ਹੋਸਟਲ ਵਿੱਚੋਂ ਇੱਕ ਆਟੋਮੈਟਿਕ ਰਾਈਫ਼ਲ ਅਤੇ ਅਸਲੇ ਸਮੇਤ ਕਾਬੂ ਕੀਤਾ ਗਇਆ ਸੀ। ਜ਼ਿਕਰਯੋਗ ਹੈ ਕਿ ਐਨਆਈਏ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹਿੰਦੂ ਲੀਡਰਾਂ ਦੇ ਕਤਲ ਮਾਮਲਿਆਂ ਦੀ ਪੜਤਾਲ ਵੀ ਕਰ ਰਹੀ ਹੈ।



ਗ੍ਰਿਫ਼ਤਾਰ ਕੀਤੇ ਤਿੰਨੇ ਨੌਜਵਾਨਾਂ (ਉੱਪਰ ਦਿੱਤੀ ਤਸਵੀਰ ਵਿੱਚ ਸੱਜੇ ਤੋਂ ਖੱਬੇ) ਦੀ ਪਛਾਣ ਮੁਹੰਮਦ ਇਦਰੀਸ ਸ਼ਾਹ (ਪੁਲਵਾਮਾ), ਜ਼ਾਹਿਦ ਗੁਲਜ਼ਾਰ (ਸ੍ਰੀਨਗਰ) ਅਤੇ ਯੁਸੁਫ਼ ਰਫ਼ੀਕ ਭੱਟ (ਪੁਲਵਾਮਾ), ਕਸ਼ਮੀਰ ਆਧਾਰਤ ਦਹਿਸ਼ਤੀ ਜਥੇਬੰਦੀ ਅੰਸਾਰ ਗ਼ਜ਼ਵਤ-ਉਲ-ਹਿੰਦ ਨਾਲ ਸਬੰਧਤ ਦੱਸੇ ਜਾਂਦੇ ਹਨ। ਏਜੀਐਚ ਨੂੰ ਜ਼ਾਕਿਰ ਰਸ਼ੀਦ ਭੱਟ ਉਰਫ਼ ਜ਼ਾਕਿਰ ਮੂਸਾ ਚਲਾਉਂਦਾ ਹੈ।

ਜ਼ਾਕਿਰ ਮੂਸਾ ਨੇ ਹੀ ਬੀਤੀ 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਹੱਥਗੋਲੇ ਸੁਟਵਾਉਣ ਦੀ ਸਾਜ਼ਿਸ਼ ਘੜੀ ਸੀ। ਇਸ ਮਾਮਲੇ ਵਿੱਚ ਵੀ ਜਲੰਧਰ ਪੁਲਿਸ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਹਾਲੇ ਫਰਾਰ ਹਨ।

ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਆਈਐਸਆਈ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਰੋੜਾ ਮੁਤਾਬਕ ਕਸ਼ਮੀਰੀ ਵਿਦਿਆਰਥੀਆਂ ਦਾ ਦਹਿਸ਼ਤੀ ਜਥੇਬੰਦੀਆਂ ਦੇ ਸੰਪਰਕ ਵਿੱਚ ਆਉਣ ਦੇ ਮਾਮਲੇ ਦੀ ਤੇਜ਼ ਪੜਤਾਲ ਕਰਨ ਲਈ ਇਸ ਦੀ ਜਾਂਚ ਐਨਆਈਏ ਹਵਾਲੇ ਕੀਤੀ ਗਈ ਹੈ।