ਕਸਟਮ ਦੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਵੱਖਰਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ। ਕਸਟਮ ਵਿਭਾਗ ਨੇ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਸਾਰਿਆਂ ਤੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਤੌਰ 'ਤੇ ਰਿਮਾਂਡ ਲੈ ਕੇ ਪੁੱਛਗਿਛ ਕੀਤੀ। ਇਨ੍ਹਾਂ ਦੋਵਾਂ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ ਹੈ ਤੇ ਐਨਆਈਏ ਦੀ ਟੀਮ ਨੇ ਵੀ ਇਸ ਮਾਮਲੇ 'ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਨਆਈਏ ਦੇ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐਨਆਈਏ ਦੀ ਟੀਮ ਛੇਤੀ ਹੀ ਅੰਮ੍ਰਿਤਸਰ ਪਹੁੰਚ ਕੇ ਇਸ ਸਾਰੇ ਕੇਸ ਦੀ ਛਾਣਬੀਣ ਕਰੇਗੀ ਤੇ ਇਸ ਕੇਸ ਨਾਲ ਜੁੜੇ ਤੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਕਸਟਮ ਵਿਭਾਗ ਦੇ ਅਧਿਕਾਰੀ, ਜੋ ਇਸ ਮਾਮਲੇ ਦੀ ਜਾਂਚ ਨਾਲ ਜੁੜੇ ਹਨ ਤੇ ਪੰਜਾਬ ਪੁਲਸ ਦੇ ਅਧਿਕਾਰੀ, ਜੋ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ, ਉਨ੍ਹਾਂ ਨਾਲ ਵੀ ਚਰਚਾ ਕੀਤੀ ਜਾਵੇਗੀ।
ਦੱਸ ਦੇਈਏ ਦੋ ਦਿਨ ਪਹਿਲਾਂ ਹੀ ਇਸ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਅੰਮ੍ਰਿਤਸਰ ਦੇ ਟਰੇਡਰ ਗੁਰਪਿੰਦਰ ਸਿੰਘ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਹੁਣ ਇਸ ਕੇਸ ਦੇ ਵਿੱਚ ਐੱਨਆਈਏ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਸ ਮਾਮਲੇ ਦੀ ਤਿਕੋਣੀ ਜਾਂਚ ਅੱਗੇ ਵਧੇਗੀ। ਕਸਟਮ ਵਿਭਾਗ ਨੇ ਮਾਮਲੇ ਵਿੱਚ ਭਾਰਤ ਦੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋ ਇਸ ਮਾਮਲੇ ਬਾਰੇ ਜੋ ਪਰਚਾ ਦਰਜ ਕੀਤਾ ਗਿਆ ਹੈ, ਉਸ ਵਿੱਚ ਤਿੰਨ ਪਾਕਿਸਤਾਨੀ ਨਾਗਰਿਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ 'ਤੇ ਭਾਰਤ ਵਿੱਚ ਤਸਕਰੀ ਕਰਨ ਦੇ ਇਲਜ਼ਾਮ ਸਨ।