ਪਟਨਾ: ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਬਿਹਾਰ ਦੀ ਜਨਤਾ ਨੇ ਐਨਡੀਏ ਨੂੰ ਬਹੁਮਤ ਦਿੱਤਾ ਹੈ। ਹੁਣ NDA ਦੀ ਮੀਟਿੰਗ ’ਚ ਤੈਅ ਹੋਵੇਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ। ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਦਾਅਵਾ ਪੇਸ਼ ਨਹੀਂ ਕਰ ਰਹੇ। ਇਹ ਫ਼ੈਸਲਾ ਸਿਰਫ਼ ਐਨਡੀਏ ਦੀ ਮੀਟਿੰਗ ਵਿੱਚ ਲਿਆ ਜਾਵੇਗਾ।


ਨਿਤੀਸ਼ ਨੇ ਪਟਨਾ ’ਚ ਜੇਡੀਯੂ ਦਫ਼ਤਰ ਵਿੱਚ ਨਵੇਂ ਚੁਣੇ ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਮੀਟਿੰਗ ਵੀ ਕੀਤੀ। ਨਿਤੀਸ਼ ਨੇ ਕਿਹਾ ਕਿ ਕੁਝ ਲੋਕਾਂ ਨੇ ਗੁੰਮਰਾਹ ਕਰਨ ਦਾ ਪੂਰਾ ਯਤਨ ਕੀਤਾ ਤੇ ਕਾਮਯਾਬ ਵੀ ਹੋਏ। ਜੇਡੀਯੂ ਨੂੰ ਘੱਟ ਸੀਟਾਂ ਆਉਣ ਬਾਰੇ ਉਨ੍ਹਾਂ ਕਿਹਾ ਕਿ ਸਾਡੀਆਂ ਸੀਟਾਂ ਉੱਤੇ ਵੋਟਾਂ ਕਿਵੇਂ ਵੰਡੀਆਂ ਗਈਆਂ, ਉਹ ਸਭ ਵੇਖ ਰਹੇ ਹਨ। ਗੱਠਜੋੜ ਤੇ ਪਾਰਟੀ ਦੇ ਲੋਕ ਵੇਖ ਰਹੇ ਹਨ ਕਿ ਕਿੱਥੇ ਕੀ ਹੋਇਆ ਹੈ।

ਨਿਤੀਸ਼ ਕੁਮਾਰ ਨੇ ਕਿਹਾ ਕਿ ਸੰਭਵ ਹੈ ਕਿ ਅੱਜ ਐਨਡੀਏ ’ਚ ਸ਼ਾਮਲ ਪਾਰਟੀਆਂ ਦੇ ਆਗੂ ਆਪਸ ਵਿੱਚ ਬੈਠਣਗੇ, ਉਸ ਤੋਂ ਬਾਅਦ ਐਨਡੀਏ ਵਿਧਾਇਕ ਦਲ ਦੀ ਮੀਟਿੰਗ ਦੀ ਤਾਰੀਖ਼ ਤੈਅ ਹੋਵੇਗੀ। ਸਹੁੰ-ਚੁਕਾਈ ਸਮਾਰੋਹ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਕੋਈ ਤਾਰੀਖ਼ ਤੈਅ ਨਹੀਂ ਹੋਈ ਹੈ। ਉਨ੍ਹਾਂ ਬਿਨਾ ਕਿਸੇ ਦਾ ਨਾਂ ਲੈਂਦਿਆਂ ਰਾਸ਼ਟਰੀ ਜਨਤਾ ਦਲ ਤੇ ਐਲਜੇਪੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਜੇ ਕੋਈ ਗੁੰਮਰਾਹ ਕਰਨ ਵਿੱਚ ਕਾਮਯਾਬ ਹੁੰਦਾ ਹੈ ਤੇ ਲੋਕ ਵੋਟ ਪਾਉਂਦੇ ਹਨ, ਤਾਂ ਇਹ ਉਨ੍ਹਾਂ ਦਾ ਅਧਿਕਾਰ ਹੈ।