ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ 'ਤੇ ਮੋਦੀ ਸਰਕਾਰ ਵਿਰੁੱਧ ਹਮਲਾਵਰ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਅੱਜ ਲੋਕ ਸਭਾ ਵਿੱਚ ਬੇਵਸਾਹੀ ਮਤਾ ਪੇਸ਼ ਕੀਤਾ, ਜਿਸ ਨੂੰ ਲੋਕ ਸਭਾ ਦੀ ਚੇਅਰਪਰਸਨ ਸੁਮਿੱਤਰਾ ਮਹਾਜਨ ਨੇ ਸ਼ੋਰ-ਸ਼ਰਾਬੇ ਦਰਮਿਆਨ ਪ੍ਰਵਾਨ ਕਰ ਲਿਆ ਹੈ। ਟੀਡੀਪੀ ਦੇ ਬੇਭਰੋਸਗੀ ਮਤੇ 'ਤੇ ਕਾਂਗਰਸ, ਸੀਪੀਐਮ, ਐਨਸੀਪੀ ਤੇ ਆਰਐਸਪੀ ਨੇ ਸਹਿਮਤੀ ਜਤਾਈ ਹੈ। ਪਿਛਲੇ ਚਾਰ ਸਾਲਾਂ ਵਿੱਚ ਪਹਿਲੀ ਵਾਰ ਹੈ ਜਦ ਮੋਦੀ ਸਰਕਾਰ ਵਿਰੁੱਧ ਬੇਵਸਾਹੀ ਮਤਾ ਲਿਆਂਦਾ ਗਿਆ ਹੈ।


ਸਰਕਾਰ ਹੋਈ ਰਾਜ਼ੀ

ਵਿਰੋਧੀ ਧਿਰ ਦੇ ਇਸ ਬੇਵਸਾਹੀ ਮਤੇ 'ਤੇ ਸਰਕਾਰ ਚਰਚਾ ਕਰਨ ਲਈ ਵੀ ਰਾਜ਼ੀ ਹੋ ਗਈ ਹੈ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਅਸੀਂ ਚਰਚਾ ਲਈ ਤਿਆਰ ਹਾਂ। ਬੇਭਰੋਸਗੀ ਮਤੇ 'ਤੇ ਚਰਚਾ ਲਈ ਸਮਾਂ ਤੇ ਦਿਨ ਅੱਜ ਵਪਾਰ ਸਲਾਹੀਆ ਕਮੇਟੀ ਦੀ ਬੈਠਕ ਵਿੱਚ ਤੈਅ ਕੀਤੀ ਜਾਵੇਗੀ।

ਬੇਵਸਾਹੀ ਮਤਾ ਕਿਉਂ

ਭਾਰਤੀ ਜਨਤਾ ਪਾਰਟੀ ਦੀ ਸਾਬਕਾ ਭਾਈਵਾਲ ਟੀਡੀਪੀ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਜ਼ਿੱਦੀ ਵਤੀਰੇ ਕਾਰਨ ਟੀਡੀਪੀ ਨੇ ਬੇਵਸਾਹੀ ਮਤਾ ਲਿਉਣ ਦਾ ਫੈਸਲਾ ਕੀਤਾ ਹੈ। ਮਾਨਸੂਨ ਸੈਸ਼ਨ ਤੋਂ ਪਹਿਲਾਂ ਬਜਟ ਸੈਸ਼ਨ ਵੀ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਮੰਗ ਸਮੇਤ ਹੋਰ ਵੀ ਕਈ ਮੁੱਦਿਆਂ 'ਤੇ ਰੌਲ਼ੇ ਰੱਪੇ ਦੀ ਭੇਟ ਚੜ੍ਹ ਗਿਆ ਸੀ। ਅੱਜ ਵੀ ਵਿਰੋਧੀ ਧਿਰਾਂ ਨੇ ਮੌਬ ਲਿੰਚਿੰਗ ਤੇ ਵਿਸ਼ੇਸ਼ ਸੂਬੇ ਦਾ ਦਰਜੇ ਦੇ ਮੁੱਦਿਆਂ 'ਤੇ ਹੰਗਾਮਾ ਕੀਤਾ ਤੇ ਬਾਅਦ ਵਿੱਚ ਦੁਪਹਿਰ ਹੋਣ ਤਕ ਸਪੀਕਰ ਨੇ ਬੇਵਸਾਹੀ ਮਤਾ ਸਵੀਕਾਰ ਕਰ ਲਿਆ।

ਕੀ ਹੋਵੇਗਾ ਬੇਭਰੋਸਗੀ ਮਤੇ ਦਾ ਹਸ਼ਰ

ਕੇਂਦਰ ਵਿੱਚ ਸੱਤਾਧਾਰੀ ਕੌਮੀ ਲੋਕਤੰਤਰਿਕ ਗਠਜੋੜ (ਐਨਡੀਏ) ਕੋਲ ਪੂਰਨ ਬਹੁਮਤ ਹੈ ਤਾਂ ਅਜਿਹੇ ਵਿੱਚ ਸਾਫ ਹੈ ਕਿ ਮੋਦੀ ਸਰਕਾਰ ਵਿਰੁੱਧ ਲਿਆਂਦੇ ਗਏ ਇਸ ਬੇਭਰੋਸਗੀ ਮਤੇ ਦੇ ਸਿਰੇ ਚੜ੍ਹਨ ਦੇ ਆਸਾਰ ਘੱਟ ਹਨ। ਹਾਲਾਂਕਿ, ਟੀਡੀਪੀ ਨੇ ਬੀਤੇ ਦਿਨੀ ਬੀਜੇਪੀ ਦੀ ਸਹਿਯੋਗੀ ਸ਼ਿਵ ਸੈਨਾ ਨਾਲ ਵੀ ਮੁਲਾਕਾਤ ਕੀਤੀ ਸੀ।