ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਨੋਟਬੰਦੀ ਦਾ ਫੈਸਲਾ ਬੇਸ਼ੱਕ ਦੂਰਅੰਦੇਸ਼ੀ ਨਾਲ ਲਿਆ ਗਿਆ ਹੈ, ਪਰ ਸਰਕਾਰ ਵੱਲੋਂ ਇਸ ਫੈਸਲੇ ਦੇ ਪ੍ਰਭਾਵਾਂ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਜਨਤਾ ਬੁਰੀ ਤਰਾਂ ਪ੍ਰੇਸ਼ਾਨ ਹਨ, ਤੇ ਇਹ ਪਰੇਸ਼ਾਨੀ ਨਿੱਤ ਨਵੇਂ ਵਾਧੇ ਨਾਲ ਪੇਸ਼ ਆ ਰਹੀ ਹੈ। ਅਜਿਹੇ 'ਚ ਕੁੱਝ ਦਿੱਕਤਾਂ ਸਭ ਦੀਆਂ ਸਾਂਝੀਆਂ ਨੇ ਜੋ ਨੋਟਬੰਦੀ ਦੇ ਪਹਿਲੇ ਦਿਨ ਤੋਂ ਲਗਾਤਾਰ ਬਰਕਰਾਰ ਹਨ।
1. ਲੰਬੀਆਂ ਕਤਾਰਾਂ:- 11 ਨਵੰਬਰ ਤੋਂ ਏਟੀਐਮ ਮਸ਼ੀਨਾਂ ਦੇ ਬਾਹਰ ਲਾਈਨਾਂ ਅੱਜ ਵੀ ਹਨ ਸਗੋਂ ਪਹਿਲਾਂ ਨਾਲੋਂ ਵੱਧ ਲੰਬੀਆਂ।
2. ਪੈਸਾ ਜਮਾਂ ਕਰਨ ਦੀਆਂ ਲਾਈਨਾਂ:- ਬੈਂਕਾਂ ਦੇ ਬਾਹਰ ਘਰਾਂ 'ਚ ਪਈ ਪੂਰਾਣੀ ਨਗਦੀ ਜਮਾਂ ਕਰਨ ਵਾਲੇ ਲੋਕਾਂ ਦੀਆਂ ਵੀ ਸੱਪ ਵਾਂਗ ਵਲ ਖਾਂਦੀਆਂ ਲੰਬੀਆਂ ਕਤਾਰਾਂ ਵੀ ਜਿਉਂ ਦੀਆਂ ਤਿਉਂ ਕਾਇਮ ਹਨ।
3. ਨਗਦੀ ਕਢਵਾਉਣਾ ਵੱਡਾ ਟਾਸਕ:- ਨਗਦੀ ਅੱਜ ਵੀ ਬੈਂਕਾਂ 'ਚ ਜਮਾਂ ਹੋ ਰਹੀ ਹੈ ਪਰ ਨਗਦੀ ਨਾ ਮਿਲਣ ਵਾਲਾ ਸਿਲਸਿਲਾ ਬਰਕਰਾਰ ਹੈ। ਪੂਰਾ ਦਿਨ ਬੈਂਕ ਦੀ ਲਾਈਨ 'ਚ ਲੱਗੇ ਰਹਿਣ ਤੋਂ ਬਾਅਦ ਰੋਜ਼ਾਨਾ ਕਿੰਨੇ ਲੋਕ ਖਾਲੀ ਹੱਥ ਮੁੜਦੇ ਹਨ।
4. 2000 ਦਾ ਨੋਟ:- ਜਦੋਂ ਨੋਟ ਪਹਿਲੇ ਦਿਨ ਆਇਆ ਉਦੋਂ ਵੀ ਇਸ ਨੂੰ ਕੋਈ ਲੈਣ ਲਈ ਤਿਆਰ ਨਹੀਂ ਸੀ ਤੇ ਇਹ ਦਿੱਕਤ ਅੱਜ ਵੀ ਹੈ ਜਦੋਂ ਜਾਮਣੀ ਨੋਟ ਨੂੰ ਦੇਖ ਕੇ ਹਰ ਛੋਟੇ ਕਾਰੋਬਾਰੀ ਦਾ ਰੰਗ ਪੀਲਾ ਪੈ ਜਾਂਦਾ ਹੈ।
5. ਖਰਾਬ ਨੋਟਾਂ ਦੀ ਸਮੱਸਿਆ-ਕੈਸ਼ ਦੀ ਕਮੀ ਕਾਰਨ ਬੈਂਕਾਂ ਵਾਲੇ ਪੁਰਾਣੇ ਤੇ ਖਰਾਬ ਹੋ ਚੁੱਕੇ ਨੋਟ ਵੀ ਕੱਢ ਰਹੇ ਨੇ ਜਿਨਾਂ ਨੂੰ ਲੈਣ ਤੋਂ ਲੋਕ ਤੇ ਦੁਕਾਨਦਾਰ ਆਨਾਕਾਨੀ ਕਰਦੇ ਹਨ।
6. ਨੋਟਬਦਲੀ ਬੰਦ:- ਇਹ ਸਹੂਲਤ ਬੰਦ ਹੋਣ ਨਾਲ ਕੈਸ਼ ਪ੍ਰਾਪਤ ਕਰਨ ਦੀ ਸਮੱਸਿਆ ਹੋਰ ਵੀ ਵਧਦੀ ਜਾ ਰਹੀ ਹੈ।
7. ਏਟੀਐਮ ਖਾਲੀ:- ATM ਮਸ਼ੀਨਾਂ ਦੇ ਬਾਹਰ ਲੋਕ ਦਿਨ ਚੜਦੇ ਤੋਂ ਪਹਿਲਾਂ ਹੀ ਜਾ ਕੇ ਖੜ ਜਾਂਦੇ ਹਨ ਪਰ NO CASH ਦੇ ਫੱਟੇ ਹਰ ਕਿਸੇ ਦਾ ਮੂੰਹ ਅੱਜ ਵੀ ਚਿੜਾ ਰਹੇ ਹਨ।