ਨਵੀਂ ਦਿੱਲੀ : ਭਾਰਤ ਨੇ ਅਮਰੀਕਾ ਲਈ ਆਪਣੇ ਨਵੇਂ ਰਾਜਦੂਤ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਵਿੱਚ ਭਾਰਤੀ ਰਾਜਦੂਤ ਵਜੋਂ ਜ਼ਿੰਮੇਵਾਰੀ ਨਵਤੇਜ ਸਰਨਾ ਨੂੰ ਦਿੱਤੀ ਗਈ ਹੈ। ਸਰਨਾ ਇਸ ਸਮੇਂ ਬ੍ਰਿਟੇਨ ’ਚ ਭਾਰਤ ਦੇ ਹਾਈ ਕਮਿਸ਼ਨਰ ਹਨ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਤਰਨਜੀਤ ਸਿੰਘ ਸੰਧੂ ਨੂੰ ਸ੍ਰੀਲੰਕਾ ’ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਹੈ। ਉਹ ਯਸ਼ ਸਿਨਹਾ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਬ੍ਰਿਟੇਨ ’ਚ ਭਾਰਤੀ ਹਾਈ ਕਮਿਸ਼ਨਰ ਬਣਾਉਣ ਦੀ ਉਮੀਦ ਹੈ।
ਭਾਰਤੀ ਵਿਦੇਸ਼ ਸੇਵਾ ਦੇ 1980 ਬੈਚ ਦੇ ਅਧਿਕਾਰੀ ਸਰਨਾ, ਅਰੁਣ ਸਿੰਘ ਦੀ ਥਾਂ ਲੈਣਗੇ ਜੋ ਸੇਵਾਮੁਕਤ ਹੋਣ ਵਾਲੇ ਹਨ। ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ 8 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਨਵੇਂ ਪ੍ਰਸ਼ਾਸਨ ਨਾਲ ਤਾਲਮੇਲ ਬਣਾਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਰਹੇਗੀ।