ਸਿੰਗਾਪੁਰ : ਦੇਸ਼ ਦੇ ਸਭ ਤੋਂ ਅਮੀਰਾਂ ਵਿੱਚ ਮੁਕੇਸ਼ ਅੰਬਾਨੀ ਦੀ ਫਿਰ ਤੋਂ ਝੰਡੀ ਰਹੀ ਹੈ। ਅੰਬਾਨੀ ਫੋਰਬਸ ਦੀ ਸਾਲਾਨਾ ਸੂਚੀ ’ਚ ਲਗਾਤਾਰ 9ਵੇਂ ਸਾਲ ਸਭ ਤੋਂ ਅੱਗੇ ਰਹੇ। ਉਨ੍ਹਾਂ ਦੀ ਜਾਇਦਾਦ ਵੱਧ ਕੇ 22.7 ਅਰਬ ਡਾਲਰ ਹੋ ਗਈ ਹੈ। ਸਨ ਫਾਰਮਾ ਦੇ ਦਿਲੀਪ ਸਾਂਘਵੀ 16.9 ਅਰਬ ਡਾਲਰ ਦੀ ਕਮਾਈ ਨਾਲ ਦੂਜੇ ਨੰਬਰ ’ਤੇ ਰਹੇ। ਭਾਰਤ ਦੇ 100 ਅਮੀਰਾਂ ਦੀ ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਹਿੰਦੂਜਾ ਭਰਾ (15.2 ਅਰਬ ਡਾਲਰ) ਤੀਜੇ ਨੰਬਰ ’ਤੇ ਰਹੇ ਹਨ।
ਵਿਪਰੋ ਦੇ ਅਜ਼ੀਮ ਪ੍ਰੇਮਜੀ ਨੂੰ 15 ਅਰਬ ਡਾਲਰ ਦੀ ਕਮਾਈ ਨਾਲ ਚੌਥਾ ਸਥਾਨ ਹਾਸਲ ਹੋਇਆ ਹੈ। ਪਤੰਜਲੀ ਆਯੁਰਵੇਦ ਦੇ ਆਚਾਰਿਆ ਬਾਲਕ੍ਰਿਸ਼ਨਾ, ਜੋ ਬਾਬਾ ਰਾਮਦੇਵ ਦੇ ਨੇੜਲੇ ਸਾਥੀ ਵਜੋਂ ਜਾਣਿਆ ਜਾਂਦਾ ਹੈ, ਨੇ ਸੂਚੀ ’ਚ ਹੈਰਾਨਕੁਨ ਦਾਖ਼ਲਾ ਲੈਂਦਿਆਂ 48ਵਾਂ ਸਥਾਨ ਹਾਸਲ ਕੀਤਾ ਹੈ ਅਤੇ ਉਸ ਦੀ ਕਮਾਈ ਢਾਈ ਅਰਬ ਡਾਲਰ ਆਂਕੀ ਗਈ ਹੈ।
ਫੋਰਬਸ ਨੇ ਕਿਹਾ ਹੈ ਕਿ ਭਾਰਤ ਦੇ 100 ਅਮੀਰਾਂ ਦੀ ਕੁਲ ਮਿਲਾ ਕੇ ਕਮਾਈ 381 ਅਰਬ ਡਾਲਰ (ਕਰੀਬ 25.5 ਲੱਖ ਕਰੋੜ) ਬਣਦੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਵਧੀ ਹੈ। ਹੀਰੋ ਗਰੁੱਪ ਦੇ ਪਵਨ ਮੁੰਜਾਲ ਨੂੰ 29ਵਾਂ ਸਥਾਨ (3.65 ਅਰਬ ਡਾਲਰ) ਮਿਲਿਆ ਹੈ। ਮਾਲਵਿੰਦਰ ਅਤੇ ਸ਼ਿਵਇੰਦਰ ਸਿੰਘ ਨੂੰ 1.38 ਅਰਬ ਡਾਲਰ ਨਾਲ 92ਵੇਂ ਸਥਾਨ ਮਿਲਿਆ ਹੈ।
ਸੂਚੀ ’ਚ ਚਾਰ ਮਹਿਲਾ ਕਾਰੋਬਾਰੀ ਓ ਪੀ ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ (19), ਬਾਇਓਟੈੱਕ ਦੀ ਕਿਰਨ ਮਜ਼ੂਮਦਾਰ ਸ਼ਾਅ (46), ਹੈਵਲਜ਼ ਦੀ ਵਿਨੋਦ ਗੁਪਤਾ (65) ਅਤੇ ਯੂਐਸਵੀ ਫਾਰਮਾ ਦੀ ਚੇਅਰਪਰਸਨ ਲੀਨਾ ਤਿਵਾੜੀ (79) ਦੇ ਨਾਮ ਵੀ ਸ਼ਾਮਲ ਹਨ