ਭਾਰਤੀਆਂ ਦਾ ਵਿਦੇਸ਼ਾਂ ਤੋਂ ਮੋਹ ਭੰਗ!
ਏਬੀਪੀ ਸਾਂਝਾ | 18 Oct 2017 12:34 PM (IST)
ਨਵੀਂ ਦਿੱਲੀ: ਭਾਰਤੀਆਂ 'ਚ ਵਿਦੇਸ਼ ਜਾਣ ਦਾ ਲਾਲਚ ਹੁਣ ਘਟਣ ਲੱਗਿਆ ਹੈ। ਇੱਕ ਸਰਵੇ 'ਚ ਕਿਹਾ ਗਿਆ ਹੈ ਕਿ ਵਿਦੇਸ਼ਾਂ 'ਚ ਜਾਰੀ ਰਾਜਨੀਤਕ ਹਲਚਲ ਦੇ ਕਾਰਨ ਉੱਥੇ ਰਹਿ ਰਹੇ ਭਾਰਤੀ ਹੁਣ ਦੇਸ਼ 'ਚ ਨੌਕਰੀ ਚਾਹੁੰਦੇ ਹਨ। ਦੁਨੀਆ 'ਚ ਰੁਜ਼ਗਾਰ ਸਬੰਧੀ ਸੂਚਨਾਵਾਂ ਦੇਣ ਵਾਲੀ ਵੈੱਬਸਾਈਟ ਇੰਡੀਡ ਨੇ ਹੁਣੇ ਜਿਹੇ ਜਾਰੀ ਅੰਕੜਿਆਂ 'ਚ ਦੱਸਿਆ ਹੈ ਕਿ ਪਿਛਲੇ ਸਾਲ ਅਮਰੀਕਾ 'ਚ ਨੌਕਰੀ ਲਈ ਜਾਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ 'ਚ 38 ਫੀਸਦੀ ਦੀ ਘਾਟ ਆਈ ਹੈ। ਬ੍ਰਿਟੇਨ 'ਚ ਪਹਿਲਾਂ ਨਾਲੋਂ 42 ਫੀਸਦੀ ਘੱਟ ਲੋਕ ਜਾਣਾ ਚਾਹੁੰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰੇਕਜ਼ਿਟ ਕਾਰਨ ਇੰਡੀਅਨ ਨੌਕਰੀ ਲਈ ਬ੍ਰਿਟੇਨ ਜਾਣ ਤੋਂ ਘਬਰਾ ਰਹੇ ਹਨ। ਉੱਥੇ ਹੀ ਜਰਮਨੀ ਤੇ ਆਇਰਲੈਂਡ ਵਰਗੇ ਦੇਸ਼ਾਂ 'ਚ ਨੌਕਰੀ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ਵਧੀ ਹੈ। ਜਰਮਨੀ 'ਚ ਨੌਕਰੀ ਲੱਭਣ ਵਾਲੇ ਭਾਰਤੀਆਂ ਦੀ ਗਿਣਤੀ 10 ਫੀਸਦੀ ਵਧੀ ਹੈ। ਆਇਰਲੈਂਡ ਜਾਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ 20 ਫੀਸਦੀ ਵਧੀ ਹੈ। ਖਾੜੀ ਦੇਸ਼ 'ਚ 21 ਫੀਸਦੀ ਵੱਧ ਲੋਕ ਜਾਣਾ ਚਾਹੁੰਦੇ ਹਨ। ਇੰਡੀਡ ਵੈੱਬਸਾਈਟ ਦੇ ਐਮਡੀ ਸ਼ਸ਼ੀ ਕੁਮਾਰ ਨੇ ਕਿਹਾ ਕਿ ਤੇਜ਼ੀ ਨਾਲ ਵਧਦੀ ਭਾਰਤੀ ਅਰਥਵਿਵਸਥਾ ਤੇ ਵਿਦੇਸ਼ਾਂ 'ਚ ਰਾਜਨੀਤਕ ਹਲਚਲ ਕਾਰਨ ਐਕਸਪਰਟ ਹੁਣ ਦੇਸ਼ 'ਚ ਹੀ ਨੌਕਰੀ ਲੱਭ ਰਹੇ ਹਨ। ਇਸ ਵਿਚਾਲੇ ਭਾਰਤ 'ਚ ਨੌਕਰੀ ਤਲਾਸ਼ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ।