ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਬੰਦ ਹੋਣ ਤੋਂ ਬਾਅਦ ਹੰਗਾਮਾ ਮਚ ਗਿਆ ਹੈ। ਹੁਣ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ NCPCR) ਨੇ ਰਾਹੁਲ ਗਾਂਧੀ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਕਾਰਵਾਈ ਦੀ ਮੰਗ ਕਰ ਦਿੱਤੀ ਹੈ।


ਸੂਤਰਾਂ ਅਨੁਸਾਰ ਕਮਿਸ਼ਨ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਲਿਖਿਆ ਹੈ ਕਿ ਰਾਹੁਲ ਗਾਂਧੀ ਨੇ ਬਲਾਤਕਾਰ ਪੀੜਤ ਬੱਚੀ ਦੇ ਮਾਪਿਆਂ ਦੀ ਪਛਾਣ ਦੱਸ ਕੇ ਪੋਕਸੋ ਐਕਟ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ, ਟਵਿੱਟਰ ਪਹਿਲਾਂ ਹੀ ਰਾਹੁਲ ਗਾਂਧੀ ਦੇ ਹੈਂਡਲ ਨੂੰ ਲੌਕ ਕਰ ਚੁੱਕਾ ਹੈ। ਰਾਹੁਲ ਗਾਂਧੀ ਤੋਂ ਇਲਾਵਾ 20 ਕਾਂਗਰਸੀ ਨੇਤਾਵਾਂ ਤੇ ਪਾਰਟੀ ਦੇ 7 ਟਵਿੱਟਰ ਹੈਂਡਲ ਨੂੰ ਵੀ ਲਾਕ ਕਰ ਦਿੱਤਾ ਗਿਆ ਹੈ।


ਟਵਿੱਟਰ ਨੇ ਕੀਤੀ ਸੀ ਐਨਸੀਪੀਸੀਆਰ ਦੀ ਸ਼ਿਕਾਇਤ 'ਤੇ ਹੀ ਕਾਰਵਾਈ


ਰਾਹੁਲ ਗਾਂਧੀ ਨੇ 9 ਸਾਲਾਂ ਦੀ ਬੱਚੀ (ਹੁਣ ਮ੍ਰਿਤਕ) ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਮਾਮਲੇ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਨਾਬਾਲਗ ਨਾਲ ਬਲਾਤਕਾਰ ਹੋਇਆ ਸੀ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਓਲਡ ਨੰਗਲ ਸ਼ਮਸ਼ਾਨਘਾਟ ਵਿੱਚ ਕਥਿਤ ਤੌਰ 'ਤੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਸੀ।


ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਪੀੜਤ ਪਰਿਵਾਰ ਦੀ ਪਛਾਣ ਜ਼ਾਹਰ ਕੀਤੀ ਹੈ, ਜੋ ਕਿ ਗੈਰ-ਕਾਨੂੰਨੀ ਹੈ। ਐਨਸੀਪੀਸੀਆਰ ਦੀ ਸ਼ਿਕਾਇਤ ਤੋਂ ਬਾਅਦ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਇਹ ਅਮਰੀਕੀ ਕੰਪਨੀ ਪੱਖਪਾਤੀ ਹੈ। ਇਹ ਭਾਰਤ ਦੀ ਰਾਜਨੀਤਕ ਪ੍ਰਕਿਰਿਆ ਵਿੱਚ ਦਖਲ ਦੇ ਰਹੀ ਹੈ ਤੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੋ ਕੁਝ ਟਵਿੱਟਰ ਨੇ ਕੀਤਾ ਹੈ, ਉਹ ਭਾਰਤ ਦੇ ਲੋਕਤੰਤਰੀ ਢਾਂਚੇ 'ਤੇ ਹਮਲਾ ਹੈ।


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਆਪਣੇ ਅਤੇ ਕਾਂਗਰਸ ਪਾਰਟੀ ਸਮੇਤ ਕਈ ਨੇਤਾਵਾਂ ਦੇ ਖਾਤਿਆਂ ਨੂੰ ਲੌਕ ਕਰਨ ਦੇ ਸੰਬੰਧ ਵਿੱਚ ਬਿਆਨ ਜਾਰੀ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੇਰਾ ਖਾਤਾ ਬੰਦ ਹੋਣਾ ਮੇਰੇ ਲੱਖਾਂ ਫਾਲੋਅਰਜ਼ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ। ਰਾਹੁਲ ਗਾਂਧੀ ਨੇ ਕਿਹਾ, “ਮੇਰਾ ਟਵਿੱਟਰ ਬੰਦ ਕਰਕੇ, ਉਹ ਸਾਡੀ ਰਾਜਨੀਤਿਕ ਪ੍ਰਕਿਰਿਆ ਵਿੱਚ ਦਖਲ ਦੇ ਰਹੇ ਹਨ। ਇਹ ਦੇਸ਼ ਦੇ ਲੋਕਤੰਤਰੀ ਢਾਂਚੇ 'ਤੇ ਹਮਲਾ ਹੈ, ਇਹ ਰਾਹੁਲ ਗਾਂਧੀ' ਤੇ ਹਮਲਾ ਨਹੀਂ ਹੈ। ਮੇਰੇ 19-20 ਮਿਲੀਅਨ ਫ਼ੌਲੋਅਰਜ਼ ਹਨ, ਤੁਸੀਂ ਉਨ੍ਹਾਂ ਨੂੰ ਨਕਾਰ ਰਹੇ ਹੋ।


ਦਰਅਸਲ, ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ 9 ਸਾਲਾ ਬੱਚੀ ਦੇ ਪਰਿਵਾਰ ਨਾਲ ਤਸਵੀਰਾਂ ਟਵੀਟ ਕੀਤੀਆਂ ਸਨ; ਜਿਸ ਨਾਲ ਦਿੱਲੀ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਅਤੇ ਫਿਰ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ, ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਰਾਹੁਲ ਗਾਂਧੀ ਦੇ ਟਵੀਟ ਦਾ ਨੋਟਿਸ ਲਿਆ ਤੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਕਿ ਨਾਬਾਲਗ ਪੀੜਤ ਦੀ ਭੇਤਦਾਰੀ ਦੀ ਉਲੰਘਣਾ ਕਰਨ ਲਈ ਕਾਂਗਰਸੀ ਨੇਤਾ ਦੇ ਖਾਤੇ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ: ਕੋਰੋਨਾ ਨਾਲ ਜੁੜਿਆ ਦਿਲਚਸਪ ਮਾਮਲਾ: ਅਮਰੀਕਾ ’ਚ ਭਾਰਤੀ ਮੂਲ ਦੇ ਜੱਜ ਨੇ ਟੈਕਸਾਸ ਦੇ ਗਵਰਨਰ ਨੂੰ ਦਿੱਤੀ ਕਾਨੂੰਨੀ ਚੁਣੌਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904