ਚੰਡੀਗੜ੍ਹ: ਹਰਿਆਣਾ ਦੇ 10 ਐਨਆਰਆਈ ਲਾੜਿਆਂ ਨੇ ਆਪਣੀਆਂ ਪਤਨੀਆਂ ਨੂੰ ਪੱਤਰ ਲਿਖਿਆ ਹੈ। "ਮੁਆਫ਼ ਕਰਨਾ, ਸਮੇਂ ਦੀ ਘਾਟ ਕਾਰਨ ਮੈਂ ਤੁਹਾਡੇ ਕੋਲ ਨਹੀਂ ਆ ਸਕਿਆ। ਜਦੋਂ ਅਸੀਂ ਘੁੰਮਾਂਗੇ ਤਾਂ ਅਸੀਂ ਤੁਹਾਨੂੰ ਵੀ ਆਪਣੇ ਨਾਲ ਰੱਖਾਂਗੇ। ਸਿਰਫ ਤੁਹਾਡੇ ਕਹਿਣ 'ਤੇ ਹੀ ਵਿਦੇਸ਼ 'ਚ ਨੌਕਰੀ ਕਰਾਂਗੇ।" ਉਨ੍ਹਾਂ ਦਾ ਇਹ ਪਤਨੀ ਪ੍ਰਤੀ ਪ੍ਰੇਮ ਇਸ ਲਈ ਜਾਗਿਆ ਹੈ, ਕਿਉਂਕਿ ਰਾਜ ਮਹਿਲਾ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਨੂੰ ਉਨ੍ਹਾਂ ਦੇ ਪਾਸਪੋਰਟ ਤੇ ਵੀਜ਼ਾ ਰੱਦ ਕਰਨ ਲਈ ਪੱਤਰ ਲਿਖਿਆ ਸੀ।




ਦਰਅਸਲ, ਹਿਸਾਰ, ਕਰਨਾਲ, ਰੌਹਤਕ, ਪੰਚਕੁਲਾ, ਅੰਬਾਲਾ, ਗੁੜਗਾਉਂ, ਪਾਣੀਪਤ, ਸੋਨੀਪਤ ਦੀਆਂ 24 ਵਿਆਹੁਤਾਂ ਮਹਿਲਾਵਾਂ ਨੇ ਰਾਜ ਮਹਿਲਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਪਤੀ ਉਨ੍ਹਾਂ ਨਾਲ ਬੂਰਾ ਸਲੂਕ ਕਰਦੇ ਹਨ। ਉਨ੍ਹਾਂ ਨੇ ਕੁਟਮਾਰ ਕਰਨ ਦੇ ਨਾਲ ਨਾਲ ਦੂਜੇ ਵਿਆਹ ਵੀ ਕੀਤੇ ਹਨ। ਮਹਿਲਾ ਕਮਿਸ਼ਨ ਨੇ ਪੰਜ ਜੋੜਿਆਂ ਦਰਮਿਆਨ ਸੁਲ੍ਹਾ ਵੀ ਕਰਵਾਈ ਹੈ। ਬਾਕੀ ਪਰਵਾਸੀ ਭਾਰਤੀ ਲਾੜੇ 10 ਤੋਂ ਵੱਧ ਪੱਤਰ ਭੇਜਣ ਦੇ ਬਾਵਜੂਦ ਰਾਜ ਮਹਿਲਾ ਕਮਿਸ਼ਨ ਤੱਕ ਨਹੀਂ ਪਹੁੰਚੇ। ਉਨ੍ਹਾਂ ਵਿੱਚੋਂ ਕਈਆਂ ਨੂੰ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਕੋਲ ਭੇਜਿਆ ਗਿਆ ਹੈ।




ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਪ੍ਰਤਿਭਾ ਸੁਮਨ ਦਾ ਕਹਿਣਾ ਹੈ ਕਿ ਪਾਸਪੋਰਟ ਰੱਦ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਣ ਤੋਂ ਬਾਅਦ ਹੀ ਪਰਵਾਸੀ ਭਾਰਤੀ ਲਾੜਿਆਂ ਨੇ ਪੱਤਰ ਭੇਜ ਕੇ ਪਤਨੀਆਂ ਨੂ ਨਾਲ ਰੱਖਣ ਲਈ ਸਹਿਮਤ ਦਿੱਖਾਈ ਹੈ। 1 ਅਪ੍ਰੈਲ 2019 ਤੋਂ 27 ਫਰਵਰੀ 2020 ਤੱਕ ਜੋੜਿਆਂ ਦੇ ਵਿੱਚਕਾਰ ਝਗੜੇ ਦੇ ਕੁੱਲ 2024 ਮਾਮਲੇ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚੇ ਹਨ।