ਆਰਟੀਆਈ ਕਾਰਕੁਨ ਅਤੇ ਵਕੀਲ ਦਿਨੇਸ਼ ਚੱਢਾ ਨੇ ਤੇਲ ਕੰਪਨੀਆਂ ਦੀਆਂ ਸਾਲਾਨਾ ਰਿਪੋਰਟਾਂ ਦੇ ਆਧਾਰ ’ਤੇ ਅੰਕੜੇ ਜਾਰੀ ਕਰਕੇ ਵੱਡੇ ਖ਼ੁਲਾਸੇ ਕੀਤੇ ਹਨ। ਚੱਢਾ ਮੁਤਾਬਿਕ ਭਾਰਤ ਪੈਟਰੋਲੀਅਮ ਦੀਆਂ ਸਾਲਾਨਾ ਆਮਦਨ ਰਿਪੋਰਟਾਂ ਅਨੁਸਾਰ ਇਸ ਕੰਪਨੀ ਨੇ 2016-17 ਦੌਰਾਨ 8039 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਦਕਿ 2015-16 ਦੌਰਾਨ 1756 ਕਰੋੜ ਰੁਪਏ ਅਤੇ 2014-15 ਦੌਰਾਨ 5085 ਕਰੋੜ ਰੁਪਏ ਕਮਾਏ।
ਇਸ ਕੰਪਨੀ ਦਾ 2013-14 ਦੌਰਾਨ 2461 ਕਰੋੜ ਰੁਪਏ ਅਤੇ 2012-13 ਦੌਰਾਨ 2643 ਕਰੋੜ ਰੁਪਏ ਮੁਨਾਫਾ ਸੀ। ਚੱਢਾ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਪੈਟਰੋਲੀਅਮ ਦਾ ਮੁਨਾਫਾ ਤਕਰੀਬਨ ਤਿੰਨ ਗੁਣਾ ਵਧਿਆ ਹੈ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀਆਂ ਸਾਲਾਨਾ ਰਿਪੋਰਟਾਂ ਦੇ ਅੰਕੜੇ ਮੁਹੱਈਆ ਕਰਦਿਆਂ ਉਨ੍ਹਾਂ ਦੱਸਿਆ ਕਿ 2016-17 ਦੌਰਾਨ ਉਸ ਦਾ ਮੁਨਾਫਾ 31,425 ਕਰੋੜ ਰੁਪਏ ਨੂੰ ਛੂਹ ਗਿਆ। ਕੰਪਨੀ ਦਾ 2012-13 ਦੌਰਾਨ ਮੁਨਾਫਾ ਕੇਵਲ 21003 ਕਰੋੜ ਰੁਪਏ ਅਤੇ 2013-14 ਦੌਰਾਨ ਮੁਨਾਫਾ 21,984 ਕਰੋੜ ਰੁਪਏ ਸੀ। ਕੰਪਨੀ ਨੇ 2014-15 ਦੌਰਾਨ 22,719 ਕਰੋੜ ਰੁਪਏ ਅਤੇ 2015-16 ਦੌਰਾਨ 27,384 ਕਰੋੜ ਰੁਪਏ ਕਮਾਏ ਸਨ।
ਅੰਕੜਿਆਂ ਅਨੁਸਾਰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਮੁਨਾਫਾ ਇਸ ਵਰ੍ਹੇ ਪਿਛਲੇ ਸਾਲ ਨਾਲੋਂ ਤਕਰੀਬਨ ਚਾਰ ਹਜ਼ਾਰ ਕਰੋੜ ਰੁਪਏ, ਜਦਕਿ ਪੰਜ ਸਾਲਾਂ ਦੌਰਾਨ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਵਧਿਆ ਹੈ। ਇਸ ਕੰਪਨੀ ਦੀ ਕੁੱਲ ਜਾਇਦਾਦ 2016-17 ਦੌਰਾਨ 8,46,746 ਕਰੋੜ ਰੁਪਏ ਹੋ ਚੁੱਕੀ ਹੈ ਜੋ 2012-13 ਦੌਰਾਨ ਕੇਵਲ 3,18,511 ਕਰੋੜ ਰੁਪਏ ਸੀ।
ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਪੰਜ ਸਾਲਾਂ ਦੌਰਾਨ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੀ ਜਾਇਦਾਦ ਅਤੇ ਮੁਨਾਫੇ ਵਿੱਚ ਰਿਕਾਰਡ ਵਾਧਾ ਕੀਤਾ ਹੈ ਪਰ ਰੁਜ਼ਗਾਰ ਦੇ ਮਾਮਲੇ ਵਿੱਚ ਵਾਧਾ ਨਾਮਾਤਰ ਹੈ। ਉਨ੍ਹਾਂ ਰਿਲਾਇੰਸ ਲਿਮਟਿਡ ਦੇ ਮੁਲਾਜ਼ਮਾਂ ਬਾਰੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਇਸ ਕੰਪਨੀ ਦੇ 2012-13 ਦੌਰਾਨ 23,519 ਮੁਲਾਜ਼ਮ ਸਨ ਅਤੇ 2013-14 ਵਿੱਚ 23,853, 2014-15 ਵਿੱਚ 24,930, 2015-16 ਦੌਰਾਨ 24,121 ਅਤੇ 2016-17 ਦੌਰਾਨ 24,167 ਮੁਲਾਜ਼ਮ ਹੀ ਸਨ।
ਚੱਢਾ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ 2016-17 ਦੌਰਾਨ ਮੁਨਾਫਾ 19,106 ਕਰੋੜ ਰੁਪਏ ਸੀ। ਕੰਪਨੀ ਦਾ 2015-16 ਦੌਰਾਨ ਮੁਨਾਫਾ 11,242 ਕਰੋੜ ਰੁਪਏ, 2014-15 ਦੌਰਾਨ 5273 ਕਰੋੜ ਰੁਪਏ, 2013-14 ਦੌਰਾਨ 7019 ਕਰੋੜ ਰੁਪਏ ਅਤੇ 2012-13 ਦੌਰਾਨ ਕੇਵਲ 5000 ਕਰੋੜ ਰੁਪਏ ਮੁਨਾਫਾ ਸੀ।
ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦਾ 2016-17 ਦੌਰਾਨ ਸਾਲਾਨਾ ਮੁਨਾਫਾ 6209 ਕਰੋੜ ਰੁਪਏ ਰਿਹਾ, ਜੋ 2015-16 ਦੌਰਾਨ ਕੇਵਲ 3726 ਕਰੋੜ ਰੁਪਏ ਸੀ। ਕੰਪਨੀ ਦਾ 2012-13 ਦੌਰਾਨ ਮੁਨਾਫਾ ਕੇਵਲ 905 ਕਰੋੜ ਰੁਪਏ ਸੀ।ਇਂਨਾ ਹੀ ਨਹੀਂ ਅੰਕੜਿਆਂ ਮੁਤਾਬਕ ਕੰਪਨੀ ਦੇ ਮੁਲਾਜ਼ਮਾਂ ਵਿੱਚ ਪੰਜ ਸਾਲਾਂ ਦੌਰਾਨ ਮਹਿਜ਼ 648 ਮੁਲਾਜ਼ਮਾਂ ਦਾ ਹੀ ਵਾਧਾ ਹੋਇਆ।