ਨਵੀਂ ਦਿੱਲੀ: ਦੁਨੀਆ 'ਚ ਮੰਨੀ ਪ੍ਰਮੰਨੀ ਸ਼ਰਾਬ 'ਓਲਡ ਮੌਂਕ' ਦੇ ਰਚੇਤਾ ਕਪਿਲ ਮੋਹਨ ਦਾ 88 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਕਪਿਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਦੱਸੀ ਜਾਂਦੀ ਹੈ। ਗਾਜ਼ੀਆਬਾਦ ਵਿਚਲੇ ਆਪਣੇ ਘਰ ਵਿੱਚ ਉਨ੍ਹਾਂ ਅੰਤਮ ਸਾਹ ਲਏ। ਮੋਹਨ ਦੀ ਸ਼ਰਾਬ ਦੇ ਸਭ ਤੋਂ ਵੱਧ ਸ਼ੌਕੀਨ ਫ਼ੌਜੀ ਹਨ। ਇਸ ਤੋਂ ਇਲਾਵਾ ਠੰਢ ਦੂਰ ਕਰਨ ਲਈ ਲੋਕ ਇਸ ਰੰਮ ਦਾ ਸਹਾਰਾ ਲੈਂਦੇ ਹਨ।


ਕਪਿਲ ਮੋਹਨ ਵੱਲੋਂ ਸ਼ਰਾਬ ਤੇ ਹੋਰ ਪੇਅ ਪਦਾਰਥਾਂ ਵਾਲਾ ਬ੍ਰੈਂਡ ਓਲਡ ਮੌਂਕ 1954 ਵਿੱਚ ਸ਼ੁਰੂ ਕੀਤਾ ਗਿਆ ਸੀ ਜੋ ਥੋੜ੍ਹੇ ਹੀ ਸਮੇਂ ਵਿੱਚ ਹਰਮਨਪਿਆਰਾ ਹੋ ਗਿਆ। ਓਲਡ ਮੌਂਕ ਲਗਾਤਾਰ ਕਈ ਸਾਲਾਂ ਤਕ ਵਿਦੇਸ਼ਾਂ ਵਿੱਚ ਵੀ ਸਭ ਤੋਂ ਵੱਧ ਵਿਕਣ ਵਾਲੀ ਭਾਰਤੀ ਸ਼ਰਾਬ ਰਹੀ। ਪਰ ਹੁਣ ਇਹ ਅਫਵਾਹਾਂ ਵੀ ਉੱਡ ਰਹੀਆਂ ਸਨ ਕਿ ਕੰਪਨੀ ਆਪਣੇ ਬ੍ਰਾਂਡ ਨੂੰ ਬੰਦ ਕਰ ਸਕਦੀ ਹੈ।

ਪਰ ਬੀਤੇ ਕੁਝ ਸਾਲਾਂ ਦੌਰਾਨ ਓਲਡ ਮੌਂਕ ਦੀ ਵਿਕਰੀ ਲਗਾਤਾਰ ਘਟਦੀ ਜਾ ਰਹੀ ਸੀ। 2010 ਤੋਂ 2014 ਤਕ ਕੰਪਨੀ ਦੀ ਵਿਕਰੀ ਲਗਾਤਾਰ 54 ਫ਼ੀ ਸਦੀ ਘਟਦੀ ਗਈ। ਮੋਹਨ ਨੇ 2014 ਵਿੱਚ ਸਿਰਫ 39 ਕਰੋੜ ਰੰਮ ਦੀਆਂ ਬੋਤਲਾਂ ਵੇਚੀਆਂ। ਉਨ੍ਹਾਂ ਇਹੋ ਅੰਕੜਾ 1960 ਵਿੱਚ ਪ੍ਰਾਪਤ ਕਰ ਲਿਆ ਸੀ।