ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਆਸ਼ੂਤੋਸ਼ ਦੇ ਖਿਲਾਫ ਦਿੱਲੀ ਦੀ ਇੱਕ ਕੋਰਟ ਨੇ ਅਰੁਣ ਜੇਤਲੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਦੀ ਸੁਣਵਾਈ ਲੀਹੋਂ ਲਾਹੁਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ 10000 ਰੁਪਏ ਜੁਰਮਾਨਾ ਲਾਇਆ ਹੈ। ਆਸ਼ੂਤੋਸ਼ ਨੇ ਭਾਜਪਾ ਨੇਤਾ ਅਰੁਣ ਜੇਤਲੀ ਦਾ ਬਿਆਨ ਹਿੰਦੀ ਵਿੱਚ ਫਿਰ ਤੋਂ ਦਰਜ ਕਰਵਾਏ ਜਾਣ ਦੀ ਮੰਗ ਕੀਤੀ ਸੀ।
ਕੋਰਟ ਨੇ ਕਿਹਾ ਹੈ ਕਿ ਆਪ ਪਾਰਟੀ ਦੇ ਨੇਤਾ ਨੇ ਭਾਜਪਾ ਨੇਤਾ ਜੇਤਲੀ ਦੇ ਹਿੰਦੀ ਵਿੱਚ ਬਿਆਨ ਦਰਜ ਕਰਵਾਏ ਜਾਣ ਦੀ ਅਰਜ਼ੀ ਦਾਇਰ ਕੀਤੀ ਸੀ, ਜਦ ਕਿ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਕੋਈ ਸਮੱਸਿਆ ਨਹੀਂ। ਆਸ਼ੂਤੋਸ਼ ਦੀ ਪਟੀਸ਼ਨ ਰੱਦ ਕਰਦੇ ਹੋਏ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦੀਪਕ ਸਹਿਰਾਵਤ ਨੇ ਕਿਹਾ ਕਿ ਇਹ ਅਰਜ਼ੀ ਸੁਣਵਾਈ ਨੂੰ ਲੀਹ ਤੋਂ ਲਾਹੁਣ ਦੀ ਕੋਸ਼ਿਸ਼ ਅਤੇ ਕੋਰਟ ਦੇ ਸਮੇਂ ਦੀ ਬਰਬਾਦੀ ਹੈ। ਨਾ ਪਟੀਸ਼ਨਰ ਨੇ ਅਤੇ ਨਾ ਉਸ ਦੇ ਵਕੀਲ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਹੈ।


ਉਨ੍ਹਾਂ ਕਿਹਾ ਕਿ ਅਰਜ਼ੀ ਵਿੱਚ ਅੰਗਰੇਜ਼ੀ ਵਿੱਚ ਵੀ ਲਿਖਿਆ ਹੋਇਆ ਹੈ। ਕੋਰਟ ਨੇ ਕਿਹਾ ਕਿ ਇਹ ਅਰਜ਼ੀ ਸੁਣਵਾਈ ਵਿੱਚ ਦੇਰੀ ਕਰਨ ਲਈ ਦਾਇਰ ਕੀਤੀ ਗਈ ਹੈ, ਇਸ ਲਈ 10000 ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਰੱਦ ਕੀਤੀ ਜਾਂਦੀ ਹੈ। ਮੈਜਿਸਟਰੇਟ ਨੇ ਇਹ ਰਾਸ਼ੀ ਆਰਮੀ ਵੈਲਫੇਅਰ ਫੰਡ ਬੈਟਲ ਕੈਜੁਅਲਟੀਜ਼ ਵਿੱਚ ਜਮ੍ਹਾ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।
ਵਰਨਣ ਯੋਗ ਹੈ ਕਿ ਅਰੁਣ ਜੇਤਲੀ ਨੇ 2015 ਵਿੱਚ ਆਸ਼ੂਤੋਸ਼, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪ ਪਾਰਟੀ ਦੇ ਹੋਰ ਨੇਤਾਵਾਂ ਕੁਮਾਰ ਵਿਸ਼ਵਾਸ, ਸੰਜੇ ਸਿੰਘ, ਰਾਘਵ ਚੱਢਾ ਤੇ ਦੀਪਕ ਵਾਜਪਾਈ ਦੇ ਖਿਲਾਫ ਅਪਰਾਧਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਨ੍ਹਾਂ ਨੇਤਾਵਾਂ ਨੇ ਅਰੁਣ ਜੇਤਲੀ ਉਤੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਿੱਚ ਫੰਡ ਦੀ ਹੇਰਾਫੇਰੀ ਦਾ ਦੋਸ਼ ਲਾਇਆ ਸੀ, ਜਦ ਉਹ 2000 ਤੋਂ 2013 ਤੱਕ ਇਸ ਦੇ ਪ੍ਰਧਾਨ ਸਨ।