ਹਿਸਾਰ: ਓਲੰਪੀਅਨ ਮੁੱਕੇਬਾਜ਼ ਤੇ ਹਰਿਆਣਾ ਪੁਲਿਸ ਵਿੱਚ ਬਤੌਰ ਇੰਸਪੈਕਟਰ ਜੈ ਭਗਵਾਨ 'ਤੇ ਸੂਬਾ ਆਬਕਾਰੀ ਤੇ ਕਰ ਵਿਭਾਗ ਦੀ ਮਹਿਲਾ ਇੰਸਪੈਕਟਰ 'ਤੇ ਹੱਥ ਚੁੱਕਣ ਦੇ ਇਲਜ਼ਾਮ ਹੇਠ ਪਰਚਾ ਦਰਜ ਕੀਤਾ ਗਿਆ ਹੈ।   ਘਟਨਾ 19 ਮਈ ਦੀ ਹੈ ਜਦ ਮਹਿਲਾ ਇੰਸਪੈਕਟਰ ਸਥਾਨਕ ਲਕਸ਼ਮੀ ਨਗਰ ਇਲਾਕੇ ਵਿੱਚ ਸ਼ਰਾਬ ਦੇ ਠੇਕੇ ਦੀ ਜਾਂਚ 'ਤੇ ਗਈ ਸੀ। ਦਰਅਸਲ, ਉਦੋਂ ਇੰਸਪੈਕਟਰ ਜੈ ਭਗਵਾਨ ਨੇ ਹਿਸਾਰ ਦੇ ਡਿਪਟੀ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਨੂੰ ਫ਼ੋਨ ਕਰਕੇ ਲਕਸ਼ਮੀ ਵਿਹਾਰ ਵਿੱਚ ਸ਼ਰਾਬ ਦੇ ਠੇਕੇ ਦੀ ਜਾਂਚ 'ਤੇ ਸੀ ਤੇ ਸਥਾਨਕ ਅਫ਼ਸਰ ਨੂੰ ਭੇਜਣ ਲਈ ਕਿਹਾ।
ਜਦ ਰਾਤ 9 ਵਜੇ ਇੰਸਪੈਕਰ ਨੀਲਮ ਸ਼ਰਮਾ ਆਪਣੇ ਪਤੀ ਨਾਲ ਮੌਕੇ 'ਤੇ ਪਹੁੰਚੀ ਤਾਂ ਜੈ ਭਗਵਾਨ ਨੇ ਉਸ ਤੋਂ ਉਸ ਠੇਕੇ ਸਬੰਧੀ ਕਾਗ਼ਜ਼ਾਂ ਦੀ ਮੰਗ ਕੀਤੀ। ਜਦ ਮਹਿਲਾ ਇੰਸਪੈਕਟਰ ਨੇ ਸਾਰੇ ਕਾਗ਼ਜ਼ ਠੀਕ ਤੇ ਠੇਕੇ ਦੇ ਜਾਇਜ਼ ਹੋਣ ਬਾਰੇ ਕਿਹਾ ਤਾਂ ਜੈ ਭਗਵਾਨ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਹੱਥੋਪਾਈ ਕੀਤੀ ਤੇ ਸਥਾਨਕ ਲੋਕਾਂ ਨੂੰ ਉਨ੍ਹਾਂ ਵਿਰੁੱਧ ਭੜਕਾਇਆ। ਮਹਿਲਾ ਇੰਸਪੈਟਕਰ ਨੇ ਇਲਜ਼ਾਮ ਲਾਇਆ ਕਿ ਪ੍ਰਦਰਸ਼ਨਕਾਰੀਆਂ ਦੇ ਵਿਖਾਵੇ ਕਾਰਨ ਉਹ ਤਕਰੀਬਨ ਇੱਕ ਘੰਟਾ ਮੌਕੇ 'ਤੇ ਬੰਧਕ ਬਣੇ ਰਹੇ। ਇਸ ਤੋਂ ਬਾਅਦ ਉਪ ਆਬਕਾਰੀ ਤੇ ਕਰ ਕਮਿਸ਼ਨਰ ਨੇ ਉਕਤ ਮਸਲੇ ਬਾਰੇ ਡੀਸੀ ਤੇ ਐਸਪੀ ਨੂੰ ਸੂਚਿਤ ਕੀਤਾ ਤੇ ਸ਼ਿਕਾਇਤ ਕੀਤੀ ਕਿ ਜੈ ਭਗਵਾਨ ਨੇ ਮਹਿਲਾ ਇੰਸਪੈਕਟਰ ਨੂੰ ਆਪਣੀ ਡਿਊਟੀ ਕਰਨ ਵਿੱਚ ਰੁਕਾਵਟ ਪਾਈ ਹੈ। ਹਾਲਾਂਕਿ, ਜੈ ਭਗਵਾਨ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਸਿਰਫ਼ ਇਲਜ਼ਾਮ ਹਨ।