ਪੁਲਵਾਮਾ ਹਮਲੇ ਸਬੰਧੀ ਕਸ਼ਮੀਰੀ ਵਿਦਿਆਰਥੀ ਗ੍ਰਿਫ਼ਤਾਰ, ਹਮਲੇ ਬਾਰੇ ਪਹਿਲਾਂ ਹੀ ਜਾਣਦਾ ਸੀ ਮੁਲਜ਼ਮ
ਏਬੀਪੀ ਸਾਂਝਾ | 17 Feb 2019 10:53 AM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਬੱਦੀ ਪੁਲਿਸ ਨੇ ਇੱਕ ਮੁਸਲਿਮ ਤਬਕੇ ਨਾਲ ਸਬੰਧਿਤ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵਿਦਿਆਰਥੀ ਬਰੋਟੀਵਾਲਾ ਦੀ ਚਿਤਕਾਰਾ ਯੂਨੀਵਰਸਿਟੀ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਦਰਅਸਲ ਮੁਲਜ਼ਮ ਵਿਦਿਆਰਥੀ ਨੇ ਅੱਤਵਾਦੀ ਹਮਲੇ ਬਾਅਦ ਫੇਸਬੁੱਕ ’ਤੇ ਪੋਸਟ ਲਿਖੀ ਕਿ ਉਸ ਨੂੰ ਹਮਲੇ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਹਾਸਲ ਸੀ। ਇਸ ਦੇ ਨਾਲ ਹੀ ਮੁਲਜ਼ਮ ਨੇ ਹਮਲਾਵਰ ਨੂੰ ਲਿਖਿਆ ਕਿ ਖ਼ੁਦਾ ਉਸ ਨੂੰ ਜੰਨਤ ਬਖ਼ਸ਼ੇ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਟਾਰੀ ਸਰਹੱਦ ਤੋਂ ਪਾਕਿਸਤਾਨ ਜਾਣ ਵਾਲੇ ਇੱਕ ਹੋਰ ਕਸ਼ਮੀਰੀ ਨੌਜਵਾਨ ਮੁਹੰਮਦ ਤਹਿਸੀਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੌਜਵਾਨ ਸ਼ਨੀਵਾਰ ਸ਼ਾਮ ਬਾਰਡਰ ਬੰਦ ਹੋਣ ਵੇਲੇ ਕਰੀਬ 4:30 ਵਜੇ ਪਾਕਿਸਤਾਨ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਅੱਤਵਾਦੀ ਗਤੀਵਿਧੀਆਂ ਵਿੱਚ ਸਰਗਰਮ ਹੋਣ ਦਾ ਸ਼ੱਕ ਪੈਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਕਿ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਸ ਨੇ ਕਬੂਲਿਆ ਕਿ ਉਹ ਜੰਮੂ ਕਸ਼ਮੀਰ ਪੁਲਿਸ ਨੂੰ ਲੋੜੀਂਦਾ ਸੀ ਇਸ ਲਈ ਉਹ ਪਾਕਿਸਤਾਨ ਭੱਜਣ ਦੀ ਫਿਰਾਕ ਵਿੱਚ ਅਟਾਰੀ ਆਇਆ ਸੀ। ਉਸ ਨੂੰ ਪੰਜਾਬ ਪੁਲਿਸ ਨੂੰ ਸੌਪ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।