ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਰਾਬਰਟ ਵਾਡਰਾ ਦੀ ਗ੍ਰਿਫ਼ਤਾਰੀ ’ਤੇ ਰੋਕ ਦੀ ਮਿਆਦ 2 ਮਾਰਚ ਤਕ ਵਧਾ ਦਿੱਤੀ ਹੈ। ਰਾਬਰਟ ਖ਼ਿਲਾਫ਼ ਇਹ ਮਾਮਲਾ ਈਡੀ ਵੱਲੋਂ ਦਰਜ ਕਰਵਾਇਆ ਗਿਆ ਸੀ।


ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਵਾਡਰਾ ਨੂੰ ਰਾਹਤ ਦਿੱਤੀ। ਈਡੀ ਨੇ ਆਪਣੇ ਵਕੀਲ ਨਿਤੇਸ਼ ਰਾਣਾ ਜ਼ਰੀਏ ਅਦਾਲਤ ਨੂੰ ਦੱਸਿਆ ਕਿ ਮਾਮਲੇ ਵਿੱਚ ਵਾਡਰਾ ਨੂੰ ਪੁੱਛਗਿੱਛ ਕਰਨ ਦੀ ਲੋੜ ਹੈ। ਉਨ੍ਹਾਂ ਵਾਡਰਾ ਤੇ ’ਸਹਿਯੋਗ ਨਾ ਕੀਤੇ ਜਾਣ ਦੇ ਇਲਜ਼ਾਮ ਲਾਏ ਅਤੇ ਇਸੇ ਨੂੰ ਆਧਾਰ ਬਣਾ ਕੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ।

ਉੱਧਰ ਵਾਡਰਾ ਨੇ ਉਕਤ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਬੁਲਾਇਆ ਗਿਆ, ਉਹ ਉਦੋਂ-ਉਦੋਂ ਪੁੱਛਗਿੱਛ ਲਈ ਆਉਣ ਨੂੰ ਤਿਆਰ ਸਨ। ਯਾਦ ਰਹੇ ਕਿ ਇਸ ਤੋਂ ਪਹਿਲਾਂ 2 ਫਰਵਰੀ ਨੂੰ ਵੀ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਮਿਆਦ 16 ਫਰਵਰੀ ਤਕ ਵਧਾਈ ਸੀ। ਉਸ ਸਮੇਂ ਵੀ ਅਦਾਲਤ ਨੇ ਉਨ੍ਹਾਂ ਨੂੰ ਈਡੀ ਸਾਹਮਣੇ ਪੇਸ਼ ਹੋਣ ਅਤੇ ਮਾਮਲੇ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ।