ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੀ ਸ਼ਹਾਦਤ ਨੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ। ਸ਼ਰਧਾਂਜਲੀ ਦੇ ਨਾਲ-ਨਾਲ ਲੋਕ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਲਈ ਵੀ ਅੱਗੇ ਆ ਰਹੇ ਹਨ। ਅਦਾਕਾਰ ਅਮਿਤਾਭ ਬੱਚਨ, ਰਿਲਾਇੰਸ ਫਾਊਂਡੇਸ਼ਨ, ਪੰਜਾਬੀ ਗਾਇਕ ਐਮੀ ਵਿਰਕ ਤੇ ਰਣਜੀਤ ਬਾਵਾ ਅਤੇ ਹੋਰ ਸਿਤਾਰਿਆਂ ਤੋਂ ਬਾਅਦ ਹੁਣ ਅਦਾਕਾਰ ਵਿੱਕੀ ਕੌਸ਼ਲ ਦੀ ਬਲਾਕਬਸਟਰ ਫਿਲਮ ‘ਉਰੀ’ ਦੀ ਟੀਮ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੇਣ ਦੀ ਐਲਾਨ ਕੀਤਾ ਹੈ।


‘ਉਰੀ’ ਫਿਲਮ ਦੇ ਪ੍ਰੋਡਿਊਸਰ ਰੋਨੀ ਸਕਰੂਵਾਲਾ ਨੇ ਟਵੀਟ ਕਰਕੇ ਦੱਸਿਆ ਕਿ ਟੀਮ ਉਰੀ ਆਰਮੀ ਵੈਲਫੇਅਰ ਫੰਡ ਨੂੰ ਇੱਕ ਕਰੋੜ ਰੁਪਏ ਦਿੰਦੀ ਹੈ। ਉਹ ਇਹ ਯਕੀਨੀ ਬਣਾਉਣਗੇ ਕਿ ਇਹ ਰਕਮ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ। ਪਰ ਇਹ ਰਕਮ ਕਿਸ਼ਤਾਂ ਵਿੱਚ ਦਿੱਤੀ ਜਾਏਗੀ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।



ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਘਟਨਾ ਬਾਅਦ ਉਨ੍ਹਾਂ ਆਪਣੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਸੀ। ਉਨ੍ਹਾਂ ਤੋਂ ਬਾਅਦ ਅਦਾਕਾਰ ਵਿੱਕੀ ਕੌਸ਼ਲ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਹ ਟਵੀਟ ਕੀਤਾ।