ਨਵੀਂ ਦਿੱਲੀ: ਪੁਲਿਸ ਨੇ 25 ਸਾਲ ਦੇ ਇੱਕ ਨੌਜਵਾਨ ਤੇ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ ਮਸਾਜ ਗਾਹਕਾਂ ਦੀ ਕਥਿਤ ਤੌਰ ’ਤੇ ਅਸ਼ਲੀਲ ਤਸਵੀਰਾਂ ਖਿੱਚਦੇ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਜ਼ਬਰਦਸਤੀ ਪੈਸਾ ਵਸੂਲੀ ਕਰਦੇ ਸਨ। ਪੁਲਿਸ ਮੁਤਾਬਕ ਇੱਕ ਪੀੜਤ ਵੱਲੋਂ ਬੁੱਧਵਾਰ ਨੂੰ ਕੀਤੀ ਸ਼ਿਕਾਇਤ ਬਾਅਦ ਇਕ ਮਾਮਲਾ ਸਾਹਮਣੇ ਆਇਆ। ਪੀੜਤ ਨੇ ਦਾਅਵਾ ਕੀਤਾ ਕਿ ਮੁਲਜ਼ਮ ਸ਼ਾਦਾਬ ਗੌਹਰ ਤੇ ਉਸ ਦੇ ਸਾਥੀਆਂ ਨੇ ਉਸਨੂੰ ਬਲੈਕਮੇਲ ਕਰ ਕੇ ਉਸ ਕੋਲੋਂ ਜ਼ਬਰਨ ਤਿੰਨ ਲੱਖ ਰੁਪਏ ਵਸੂਲੇ ਹਨ।

ਪੁਲਿਸ ਨੇ ਦੱਸਿਆ ਕਿ ਪੀੜਤ ਇਸੇ ਮਹੀਨੇ ਦੀ ਸ਼ੁਰੂਆਤ ’ਚ ਇੰਟਰਨੈਟ ਤੋਂ ਮਸਾਜ ਸਰਵਿਸ ਦੇਣ ਵਾਲਿਆਂ ਦੀ ਖੋਜ ਕਰਨ ਦੌਰਾਨ ਗੌਹਰ ਦੇ ਸੰਪਰਕ ਵਿੱਚ ਆਇਆ ਸੀ। ਮੁਲਜ਼ਮ ਨੇ ਖ਼ੁਦ ਨੂੰ ਅਰਮਾਨ ਸ਼ਰਮਾ ਦੱਸਿਆ ਤੇ ਪੀੜਤ ਨੂੰ 8 ਸਤੰਬਰ ਨੂੰ ਵੈਸ਼ਾਲੀ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਆਉਣ ਨੂੰ ਕਿਹਾ। ਉਸਨੇ ਮਸਾਜ ਲਈ 12 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਇਸ ਪਿੱਛੋਂ ਕੁਝ ਦਿਨਾਂ ਬਾਅਦ ਪੀੜਤ ਨੂੰ ਦੁਬਾਰਾ ਉਸੇ ਹੋਟਲ ਦੇ ਕਮਰੇ ਵਿੱਚ ਬੁਲਾਇਆ ਗਿਆ ਜਿੱਥੇ ਗੌਹਰ ਦੀਆਂ ਦੋ ਮਹਿਲਾ ਸਾਥਣਾਂ ਨੇ ਉਸਦਾ ਸਾਮਾਨ ਖੋਹ ਲਿਆ ਤੇ ਆਪਣੇ ਕੱਪੜੇ ਪਾੜ ਕੇ ਉਸਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਅਜਿਹਾ ਕਰਕੇ ਤਿੰਨਾਂ ਨੇ ਉਸ ਕੋਲੋਂ ਤਿੰਨ ਲੱਖ ਰੁਪਏ ਮੰਗੇ। ਪੀੜਤ ਨੇ ਉਨ੍ਹਾਂ ਨੂੰ ਇਹ ਰਕਮ ਦੇਣ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਹੈ।