ਜਿਨੇਵਾ: ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਦੱਸਿਆ ਕਿ ਸ਼ਰਾਬ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਹਰ ਸਾਲ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਏਡਜ਼, ਹਿੰਸਾ ਤੇ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਤੋਂ ਕਿਤੇ ਵੱਧ ਹੈ। ਖਾਸ ਤੌਰ 'ਤੇ ਮਰਦਾਂ ਲਈ ਇਹ ਖਤਰਾ ਜ਼ਿਆਦਾ ਰਹਿੰਦਾ ਹੈ।


ਸ਼ਰਾਬ ਅਤੇ ਸਿਹਤ 'ਤੇ ਸੰਯੁਕਤ ਰਾਸ਼ਟਰ ਦੀਸ ਏਜੰਸੀ ਦੀ ਇਹ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ 'ਚ ਹਰ ਸਾਲ ਹੋਣ ਵਾਲੀਆਂ 20 'ਚੋਂ ਇਕ ਮੌਤ ਸ਼ਰਾਬ ਦੀ ਵਜ੍ਹਾ ਨਾਲ ਹੁੰਦੀ ਹੈ। ਇਨ੍ਹਾਂ 'ਚ ਸ਼ਰਾਬ ਪੀਕੇ ਗੱਡੀ ਚਲਾਉਣ ਸ਼ਰਾਬ ਪੀਕੇ ਹਿੰਸਾ ਕਰਨ, ਬਿਮਾਰੀ ਤੇ ਇਸ ਨਾਲ ਜੁੜੇ ਹੋਰ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ ਸ਼ਾਮਲ ਹਨ।


ਕਰੀਬ 500 ਪੰਨਿਆਂ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਰਾਬ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ 'ਚੋਂ ਤਿੰਨ ਚੌਥਾਈ ਤੋਂ ਜ਼ਿਆਦਾ ਸ਼ਿਕਾਰ ਮਰਦ ਹੁੰਦੇ ਹਨ। ਡਬਲਯੂਐਚਓ ਪ੍ਰਮੁੱਖ ਟੇਡ੍ਰੋਸ ਏਧਾਨਾਮ ਗੇਬ੍ਰੇਯੇਸਸ ਨੇ ਇਕ ਬਿਆਨ 'ਚ ਕਿਹਾ ਕਿ ਬਹੁਤ ਸਾਰੇ ਲੋਕਾਂ ਲਈ ਸ਼ਰਾਬ ਦੇ ਹਾਨੀਕਾਰਕ ਨਤੀਜਿਆਂ ਦਾ ਪ੍ਰਭਾਵ ਉਨ੍ਹਾਂ ਦੇ ਜੀਵਨ ਅਤੇ ਸਮਾਜ ਦੇ ਲੋਕਾਂ 'ਤੇ ਹਿੰਸਾ, ਸੱਟਾਂ, ਮਾਨਸਿਕ ਸਿਹਤ ਸਮੱਸਿਆਵਾਂ ਤੇ ਕੈਂਸਰ ਜਿਹੀਆਂ ਸਮੱਸਿਆਵਾਂ ਦੇ ਤੌਰ 'ਤੇ ਪੈਂਦਾ ਹੈ।


ਉਨ੍ਹਾਂ ਕਿਹਾ ਸਿਹਤਮੰਦ ਸਮਾਜ ਵਿਕਸਤ ਕਰਨ ਦੀ ਦਿਸ਼ਾ 'ਚ ਇਸ ਗੰਭੀਰ ਖਤਰੇ ਨੂੰ ਰੋਕਣ ਲਈ ਕਾਰਵਾਈ ਤੇਜ਼ ਕਰਨ ਦਾ ਸਮਾਂ ਹੈ। ਸ਼ਰਾਬ ਪੀਣ ਦੀ ਵਜ੍ਹਾ ਨਾਲ ਲਿਵਰ ਸਿਰੋਸਿਸ ਤੇ ਕੈਂਸਰ ਸਮੇਤ 200 ਤੋਂ ਜ਼ਿਆਦਾ ਸਿਹਤ ਸਬੰਧੀ ਬਿਮਾਰੀਆਂ ਹੁੰਦੀਆਂ ਹਨ। ਸਾਲ 2016 'ਚ ਸ਼ਰਾਬ ਨਾਲ ਜੁੜੀਆਂ ਮੌਤਾਂ ਦਾ ਅੰਕੜਾ ਕਰੀਬ 30 ਲੱਖ ਸੀ ਜੋ ਕਿ ਹੁਣ ਤਕ ਦਾ ਸਭ ਤੋਂ ਨਵਾਂ ਅੰਕੜਾ ਹੈ।