ਨਵੀਂ ਦਿੱਲੀ: ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਵੱਲੋਂ ਕੀਤੇ ਖੁਲਾਸੇ ਨੇ ਮੋਦੀ ਸਰਕਾਰ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਫਰਾਂਸੀਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ 58000 ਕਰੋੜ ਰੁਪਏ ਦੇ ਰਾਫ਼ੇਲ ਜਹਾਜ਼ ਸੌਦੇ ਲਈ ਫਰਾਂਸੀਸੀ ਕੰਪਨੀ ਦਾਸੋ ਏਵੀਏਸ਼ਨ ਦੇ ਭਾਈਵਾਲ ਵਜੋਂ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਦਾ ਨਾਂ ਭਾਰਤ ਸਰਕਾਰ ਨੇ ਹੀ ਸੁਝਾਇਆ ਸੀ। ਇਸ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵਿਰੁੱਧ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਮੋਦੀ ਨੇ ਦੇਸ਼ ਨਾਲ ਧੋਖਾ ਕੀਤਾ ਹੈ।


ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦ ਦੇ ਹਵਾਲੇ ਨਾਲ ਫਰਾਂਸੀਸੀ ਮੀਡੀਆ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਰਿਲਾਇੰਸ ਡਿਫੈਂਸ ਦੀ ਚੋਣ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਔਲਾਂਦ ਦਾ ਇਹ ਦਾਅਵਾ ਭਾਰਤ ਸਰਕਾਰ ਦੇ ਤਰਕ ਤੋਂ ਉਲਟ ਹੈ।

ਇਸ ਵਿਵਾਦ 'ਤੇ ਰੱਖਿਆ ਮੰਤਰਾਲੇ ਦਾ ਪ੍ਰਤੀਕਰਮ ਵੀ ਆਇਆ ਹੈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਦੀ ਹਵਾਲਗੀ ਵਾਲੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਦਾਸੋ ਏਵੀਏਸ਼ਨ ਦੇ ਆਫ਼ਸੈੱਟ ਪਾਰਟਨਰ ਲਈ ਭਾਰਤ ਸਰਕਾਰ ਨੇ ਕਿਸੇ ਖ਼ਾਸ ਕੰਪਨੀ ਦਾ ਨਾਂਅ ਸੁਝਾਇਆ ਸੀ। ਹਾਲਾਂਕਿ, ਉਨ੍ਹਾਂ ਫਿਰ ਕਿਹਾ ਕਿ ਇਸ ਕਾਰੋਬਾਰੀ ਫ਼ੈਸਲੇ ਵਿੱਚ ਭਾਰਤ ਤੇ ਫਰਾਂਸ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਸੀ।

ਫਰਾਂਸੀਸੀ ਮੀਡੀਆ ਮੁਤਾਬਕ ਔਲਾਂਦ ਨੇ ਕਿਹਾ ਕਿ ਇਸ ਵਿੱਚ ਸਾਡਾ ਕੋਈ ਦਖ਼ਲ ਨਹੀਂ ਸੀ, ਭਾਰਤ ਸਰਕਾਰ ਨੇ ਇਸ ਗਰੁੱਪ ਦਾ ਨਾਂਅ ਪੇਸ਼ ਕੀਤਾ ਤੇ ਦਾਸੋ ਨੇ ਅੰਬਾਨੀ ਗਰੁੱਪ ਨਾਲ ਗੱਲਬਾਤ ਕੀਤੀ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਅਸੀਂ ਉਹੋ ਭਾਈਵਾਲ ਲਿਆ, ਜਿਹੜਾ ਸਾਨੂੰ ਦਿੱਤਾ ਗਿਆ।