ਕਾਬੁਲ: ਅਫ਼ਗਾਨਿਸਤਾਨ ਲਗਾਤਾਰ ਲੜਾਈ ਵਾਲੇ ਖੇਤਰਾਂ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਸਾਬਤ ਹੋ ਰਿਹਾ ਹੈ। ਹੁਣ ਤਕ ਇੱਥੇ 14 ਮੀਡੀਆ ਕਰਮੀਆਂ ਦੀ ਮੌਤ ਹੋ ਚੁੱਕੀ ਹੈ। ਕਾਬੁਲ ਵਿੱਚ ਬੀਤੀ ਪੰਜ ਸਤੰਬਰ ਨੂੰ ਹੋਏ ਆਤਮਘਾਤੀ ਹਮਲੇ ਦੀ ਲਾਈਵ ਰਿਪੋਰਟਿੰਗ ਦੌਰਾਨ ਕਾਰ ਧਮਾਕੇ ਵਿੱਚ ਪੱਤਰਕਾਰ ਸਮੀਮ ਫਰਾਮਾਰਜ਼ ਦੀ ਮੌਤ ਹੋ ਗਈ। ਉਨ੍ਹਾਂ ਨਾਲ ਕੈਮਰਾਮੈਨ ਰਮੀਜ਼ ਅਹਿਮਦੀ ਦੀ ਵੀ ਮੌਤ ਹੋ ਗਈ।


ਤੋਲੋ ਨਿਊਜ਼ ਵਿੱਚ ਕੰਮ ਕਰ ਰਹੇ ਫਰਾਮਾਰਜ਼ ਦੇ ਸਹਿਕਰਮੀਆਂ ਨੇ ਪੱਤਰਕਾਰ ਦੀ ਮੌਤ ਦੀ ਲਾਈਵ ਰਿਪੋਰਟਿੰਗ ਰੋਂਦੇ ਹੋਏ ਕੀਤੀ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਇੱਕ ਸਾਲ ਵਿੱਚ ਮਾਰੇ ਗਏ ਪੱਤਰਕਾਰਾਂ ਦੀ ਇਹ ਗਿਣਤੀ ਸਭ ਤੋਂ ਵੱਧ ਹੈ। ਰਿਪੋਰਟਰਜ਼ ਵਿਦਾਊਟ ਬਾਰਡਰ ਦੇ ਮੁਤਾਬਕ ਸਾਲ 2001 ਵਿੱਚ ਅਫ਼ਗਾਨਿਸਤਾਨ 'ਤੇ ਅਮਰੀਕੀ ਹਮਲੇ ਤੋਂ ਬਾਅਦ ਹੁਣ ਤਕ ਇੱਥੇ 60 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ।

ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਏਂਤੋਨਿਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਸਵੰਦ ਹਨ ਕਿ ਮੀਆਂਮਾਰ ਸਰਕਾਰ ਖ਼ਬਰ ਏਜੰਸੀ ਰਾਇਟਰਜ਼ ਦੇ ਦੋ ਪੱਤਰਕਾਰਾਂ ਨੂੰ ਮੁਆਫ਼ ਕਰ ਦੇਵੇਗੀ, ਜਿਨ੍ਹਾਂ ਨੂੰ ਸੱਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ 'ਤੇ ਮੀਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੋਵਾਂ ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਕਾਰਨ ਨਹੀਂ ਬਲਕਿ ਸਰਕਾਰੀ ਖੁਫ਼ੀਆ ਕਾਨੂੰਨ ਤੋੜਨ ਕਾਰਨ ਅਦਾਲਤ ਨੇ ਉਨ੍ਹਾਂ ਵਿਰੁੱਧ ਇਹ ਫੈਸਲਾ ਸੁਣਾਇਆ ਹੈ।