ਨਿਊਯਾਰਕ: ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਬਾਰੇ ਕਥਿਤ ਤੌਰ 'ਤੇ ਨਸਲੀ ਟਿੱਪਣੀ ਕਰਨ ਵਾਲੇ ਸੀਨੀਅਰ ਕਾਨੂੰਨੀ ਅਧਿਕਾਰੀ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜ ਰਹੀ ਹੈ। ਬਰਗਨ ਕਾਊਂਟੀ ਸ਼ੈਰਿਫ਼ ਮਿਸ਼ੇਨ ਸਾਊਦਿਨੋ ਨੇ ਬੀਤੀ 16 ਜਨਵਰੀ ਨੂੰ ਗੁਰਬੀਰ ਗਰੇਵਾਲ ਬਾਰੇ ਕਥਿਤ ਤੌਰ 'ਤੇ ਨਸਲੀ ਟਿੱਪਣੀ ਕੀਤੀ ਸੀ। ਹੁਣ ਉਸ ਦੀ ਖੁਫ਼ੀਆ ਰਿਕਾਰਡਿੰਗ ਸਾਹਮਣੇ ਆਈ ਹੈ। ਰੇਡੀਓ ਵਿੰਕ (WNYC) ਵੱਲੋਂ ਜਾਰੀ ਕੀਤੀ ਇਸ ਰਿਕਾਰਡਿੰਗ ਕਾਰਨ ਨਿਊਜਰਸੀ ਦੀ ਸਿਆਸਤ ਕਾਫੀ ਗਰਮਾ ਗਈ ਹੈ।


ਆਡੀਓ ਕਲਿੱਪ ਵਿੱਚ ਸੁਣਿਆ ਜਾ ਸਕਦਾ ਹੈ ਕਿ ਸਾਊਦਿਨੋ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਨਿਊਜਰਸੀ ਦੇ ਗਵਰਨਰ ਫ਼ਿਲ ਮਰਫ਼ੀ ਨੇ ਸਿਰਫ਼ 'ਪੱਗ' ਕਰਕੇ ਹੀ ਗਰੇਵਾਲ ਨੂੰ ਨਿਯੁਕਤ ਕਰ ਦਿੱਤਾ ਹੈ। ਗਰੇਵਾਲ ਨੇ ਇਹ ਆਡੀਓ ਸੁਣੀ ਤੇ ਕਿਹਾ ਕਿ ਜੇਕਰ ਇਹ ਸ਼ੈਰਿਫ਼ ਦੀ ਆਵਾਜ਼ ਹੈ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਨਿਊਜਰਸੀ ਦੇ ਗਵਰਨਰ ਫ਼ਿਲ ਮਰਫ਼ੀ ਨੇ ਵੀ ਕਿਹਾ ਹੈ ਕਿ ਨਸਲੀ ਟਿੱਪਣੀ ਕਰਨ ਵਾਲਾ ਕੋਈ ਵੀ ਜਨਤਕ ਅਧਿਕਾਰੀ ਬਣਨ ਦੇ ਯੋਗ ਨਹੀਂ। ਜੇਕਰ ਇਹ ਸਾਊਦਿਨੋ ਦੀ ਆਵਾਜ਼ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਸਿੱਖਾਂ ਦੀ ਜਥੇਬੰਦੀ 'ਸਿੱਖ ਕੋਲਿਸ਼ਨ' ਨੇ ਵੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਸ਼ੈਰਿਫ਼ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।



ਵਿਵਾਦਤ ਆਡੀਓ ਵਿੱਚ ਸਾਊਦਿਨੀ ਕਥਿਤ ਤੌਰ 'ਤੇ ਕਾਲੀ ਚਮੜੀ ਵਾਲੇ ਲੋਕਾਂ 'ਤੇ ਟਿੱਪਣੀ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇੱਥੇ ਆਉਣ ਦਿਓ ਆਪਣੀ ਭੰਗ ਪੀਣ ਦਿਓ, ਕੋਈ ਗੱਲ ਨਹੀਂ ਅਸੀਂ ਪੁਲਿਸ ਦੇ ਹੱਥ ਬੰਨ੍ਹ ਦਿਆਂਗੇ। ਇਸ ਤੋਂ ਬਾਅਦ ਐਨਜੇ ਡਾਟ ਕਾਮ ਦੀ ਰਿਪੋਰਟ ਮੁਤਾਬਕ ਸਾਊਦਿਨੋ ਨੇ ਇਸ ਮਸਲੇ 'ਤੇ ਆਪਣੇ ਵੱਲੋਂ ਮੁਆਫ਼ੀ ਦੀ ਪੇਸ਼ਕਸ਼ ਕੀਤੀ ਤੇ ਇਸ ਗ਼ੈਰਸੰਵੇਦਨਸ਼ੀਲ ਟਿੱਪਣੀ ਦੇ ਜਨਤਕ ਹੋਣ ਦੁੱਖ ਜਤਾਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਰਿਕਾਰਡਿੰਗ ਨਾਲ ਪਏ ਬੁਰੇ ਪ੍ਰਭਾਵ ਨੂੰ ਸੁਧਾਰਨ ਲਈ ਉਹ ਜਿੱਥੇ ਵੀ ਜਾਂਦੇ ਹਨ, ਉੱਥੇ ਭਾਈਚਾਰੇ ਦੇ ਮੁਹਤਬਰਾਂ ਤੋਂ ਨਿਜੀ ਤੌਰ 'ਤੇ ਉਨ੍ਹਾਂ ਤੋਂ ਤੇ ਸਮੁੱਚੇ ਭਾਈਚਾਰੇ ਤੋਂ ਮੁਆਫ਼ੀ ਮੰਗ ਲੈਂਦੇ ਹਨ।


ਗੁਰਬੀਰ ਗਰੇਵਾਲ ਨੇ ਅੱਗੇ ਵੀ ਟਵੀਟ ਕੀਤਾ ਕਿ ਉਹ ਅਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਨ੍ਹਾਂ ਇਸ ਤੋਂ ਵੀ ਬੁਰੀਆਂ ਗੱਲਾਂ ਨੂੰ ਝੱਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਵਿਰੁੱਧ ਕਿਸੇ ਮੂਲ ਅਮਰੀਕੀ ਨੇ ਉਂਗਲ ਚੁੱਕੀ ਹੋਵੇ। ਜੁਲਾਈ ਵਿੱਚ ਵੀ ਗਰੇਵਾਲ ਨੂੰ ਦੋ ਰੇਡੀਓ ਹੋਸਟਜ਼ ਵੱਲੋਂ ਉਨ੍ਹਾਂ ਦੀ ਦਸਤਾਰ 'ਤੇ ਭੱਦੀਆਂ ਟਿੱਪਣੀਆਂ ਸੁਣਨੀਆਂ ਪਈਆਂ ਸਨ। ਹਾਲਾਂਕਿ, ਰੇਡੀਓ ਸਟੇਸ਼ਨ ਨੇ ਆਪਣੇ ਕਰਮਚਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਸੀ ਤੇ ਉਨ੍ਹਾਂ ਇਸ ਲਈ ਮੁਆਫ਼ੀ ਵੀ ਮੰਗ ਲਈ ਸੀ।