ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਰੂਸ ਤੋਂ ਸੁਖੋਈ ਐਸਯੂ-25 ਲੜਾਕੂ ਜਹਾਜ਼ ਤੇ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਐਸ-400 ਮਿਜ਼ਾਇਲਾਂ ਖਰੀਦਣ 'ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ ਚੀਨ ਦੇ ਰੱਖਿਆ ਮੰਤਰਾਲੇ ਦੇ ਉਪਕਰਣ ਵਿਕਾਸ ਵਿਭਾਗ ਦੀ ਖਰੀਦ ਨੇ ਰੂਸ 'ਤੇ ਉਸ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਰੂਸ ਦੀਆਂ ਦੁਰਭਾਵਨਾ ਵਾਲੀਆਂ ਗਤੀਵਿਧੀਆਂ ਦੇ ਜਵਾਬ 'ਚ ਉਸ 'ਤੇ ਹਰਜ਼ਾਨਾ ਲਾਉਣਾ ਹੈ।


ਪੈਂਟਾਗਨ ਦੇ ਸੀਨੀਅਰ ਅਧਿਕਾਰੀ ਨੇ ਭਾਰਤ ਨੂੰ ਵੀ ਅਜਿਹੇ ਮਾਮਲੇ 'ਚ ਸਾਵਧਾਨ ਕੀਤਾ ਸੀ ਕਿ ਰੂਸ ਤੋਂ ਹਥਿਆਰਾਂ ਦੀ ਖਰੀਦ ਕਰਨ 'ਤੇ ਉਸ ਨੂੰ ਅਮਰੀਕਾ ਤੋਂ ਵਿਸ਼ੇਸ਼ ਛੋਟ ਮਿਲਣ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਦਰਅਸਲ ਵਾਸ਼ਿੰਗਟਨ ਇਸ ਗੱਲ ਤੋਂ ਚਿੰਤਤ ਹੈ ਕਿ ਭਾਰਤ ਆਪਣੇ ਪੁਰਾਣੇ ਸਹਿਯੋਗੀ ਦੇਸ਼ ਰੂਸ ਤੋਂ ਜ਼ਮੀਨ ਤੋਂ ਹਵਾ 'ਚ ਲੰਮੀ ਦੂਰੀ ਦੀ ਮਾਰੂ ਸਮਰੱਥਾ ਰੱਖਣ ਵਾਲੀ ਮਿਜ਼ਾਇਲ ਰੋਧੀ ਪ੍ਰਣਾਲੀ ਐਸ-400 ਸਮੇਤ ਹੋਰ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ।


ਟਰੰਪ ਨੇ ਬਦਲੇ ਹਥਿਆਰ ਖਰੀਦਣ ਦੇ ਨਿਯਮ:


ਰੂਸ ਖਿਲਾਫ ਅਮਰੀਕਾ ਦੇ ਮੌਜੂਦਾ ਨਿਯਮਾਂ ਤਹਿਤ ਜੇਕਰ ਕੋਈ ਦੇਸ਼ ਰੂਸ ਤੋਂ ਰੱਖਿਆ ਜਾਂ ਖੁਫੀਆ ਵਿਭਾਗ ਦੇ ਖੇਤਰਾਂ 'ਚ ਕੋਈ ਲੈਣ-ਦੇਣ ਜਾਂ ਸੌਦਾ ਕਰਦਾ ਹੈ ਤਾਂ ਉਸ ਨੂੰ ਅਮਰੀਕਾ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਹਿਤ ਚੀਨ 'ਤੇ ਇਹ ਰੋਕਾਂ ਲਾਈਆਂ ਗਈਆਂ ਹਨ।


ਭਾਰਤ ਨੂੰ ਮਿਲੇਗੀ ਛੋਟ:


ਪੈਂਟਾਗਨ 'ਚ ਏਸ਼ੀਆ ਤੇ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਰੈਂਡਲ ਨੇ ਕਿਹਾ ਸੀ ਕਿ ਛੋਟ ਦੇਣ ਵਾਲਿਆਂ ਨੇ ਅਜਿਹਾ ਮਾਹੌਲ ਬਣਾਇਆ ਹੈ ਜਿਸ ਤੋਂ ਲੱਗਦਾ ਹੈ ਕਿ ਭਾਰਤ ਨੂੰ ਇਸ ਸਬੰਧ 'ਚ ਛੋਟ ਪ੍ਰਾਪਤ ਹੋਵੇਗੀ।


ਜ਼ਿਕਰਯੋਗ ਹੈ ਕਿ ਭਾਰਤ ਨੇ ਰੂਸ ਤੋਂ S-400 ਦੀ ਖਰੀਦ ਨੂੰ ਅਮਲੀ ਜਾਮਾ ਪਹਿਣਾ ਦਿੱਤਾ ਹੈ। ਇਹ ਡੀਲ 40,000 ਕਰੋੜ ਰੁਪਏ ਦੀ ਹੈ। ਭਾਰਤ ਦੀ ਏਅਰਫੋਰਸ 'ਚ ਨਵੀਂ ਜਾਨ ਪਾਉਣ ਦੇ ਲਿਹਾਜ਼ ਤੋਂ ਕੀਤੀ ਗਈ ਇਸ ਡੀਲ ਨੂੰ ਲੈਕੇ ਦੋਵੇਂ ਦੇਸ਼ ਅਮਰੀਕਾ ਦੀਆਂ ਉਨ੍ਹਾਂ ਪਾਬੰਦੀਆਂ ਤੋਂ ਬਚਣ ਦੇ ਤਰੀਕੇ ਲੱਭ ਰਹੇ ਹਨ ਜੋ ਰੂਸ ਤੋਂ ਹਥਿਆਰ ਖਰੀਦਣ 'ਤੇ ਲਾਈਆਂ ਜਾਂਦੀਆਂ ਹਨ।