ਵਾਸ਼ਿੰਗਟਨ: ਅਮਰੀਕਾ 'ਚ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਣ ਵਾਲੀ ਮੁਲਾਕਾਤ ਦਾ ਅਮਰੀਕਾ ਨੇ ਸੁਆਗਤ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਉਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਜਿਸ 'ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਯੂਐਨ ਜਨਰਲ ਅਸੈਂਬਲੀ ਦੇ ਸੈਸ਼ਨ ਦੌਰਾਨ ਮੁਲਾਕਾਤ ਦੀ ਪੇਸ਼ਕਸ਼ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦਾ ਮੁੱਖ ਵਿਸ਼ਾ ਕਰਤਾਰਪੁਰ ਸਾਹਿਬ ਲਾਂਘਾ ਰਹੇਗਾ।


ਸਟੇਟ ਡਿਪਾਰਟਮੈਂਟ ਦੇ ਬੁਲਾਰੇ ਹੀਥਰ ਨੋਰਟ ਨੇ ਕਿਹਾ ਕਿ ਇਹ ਦੋਵੇਂ ਦੇਸ਼ਾਂ ਲਈ ਸ਼ਾਨਦਾਰ ਖ਼ਬਰ ਹੈ ਕਿ ਦੋਵੇਂ ਦੇਸ਼ ਬੈਠ ਕੇ ਗੱਲਬਾਤ ਕਰਨਗੇ। ਨੋਰਟ ਨੇ ਭਾਰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਇਕ ਦੂਜੇ ਨੂੰ ਲਿਖੀਆਂ ਚਿੱਠੀਆਂ ਦਾ ਵੀ ਸੁਆਗਤ ਕੀਤਾ।


ਨੋਰਟ ਨੇ ਉਮੀਦ ਜਤਾਈ ਕਿ ਇਨ੍ਹਾਂ ਸਭ ਗੱਲਾਂ ਨਾਲ ਦੋਵੇਂ ਦੇਸ਼ਾਂ ਦਰਮਿਆਨ ਰਿਸ਼ਤਿਆਂ 'ਚ ਸੁਧਾਰ ਆਏਗਾ ਤੇ ਭਵਿੱਖ 'ਚ ਦੋਵਾਂ ਦੇਸ਼ਾਂ ਦੇ ਬਿਹਤਰ ਦੋ-ਪੱਖੀ ਸਬੰਧ ਹੋਣਗੇ।


ਨਿਊਯਾਰਕ 'ਚ ਮਿਲਣਗੇ ਸੁਸ਼ਮਾ ਤੇ ਕੁਰੈਸ਼ੀ:


ਪਾਕਿਸਤਾਨ ਵੱਲੋਂ ਆਈ ਅਮਨ ਦੀ ਗੱਲ 'ਤੇ ਮੁਲਾਕਾਤ ਦੀ ਪੇਸ਼ਕਸ਼ ਦਾ ਭਾਰਤ ਨੇ ਸਾਕਾਰਾਤਮਕ ਜਵਾਬ ਦਿੱਤਾ ਹੈ। ਮੋਦੀ ਨੂੰ ਲਿਖੀ ਇਮਰਾਨ ਖਾਨ ਦੀ ਚਿੱਠੀ 'ਚ ਦੇਵਾਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੀ ਪੇਸ਼ਕਸ਼ ਨੂੰ ਭਾਰਤ ਨੇ ਸਵੀਕਾਰ ਕਰ ਲਿਆ ਹੈ। ਅਜਿਹੇ 'ਚ ਤੈਅ ਕੀਤਾ ਗਿਆ ਹੈ ਕਿ ਨਿਊਯਾਰਕ 'ਚ ਹੋ ਰਹੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੋ-ਪੱਖੀ ਮੁਲਾਕਾਤ ਲਈ ਵੱਖਰੇ ਤੌਰ 'ਤੇ ਮਿਲਣਗੇ।


ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਦੀ ਇਸ ਮੁਲਾਕਾਤ ਨੂੰ ਸਿਰਫ ਮੁਲਾਕਾਤ ਹੀ ਮੰਨਿਆ ਜਾਵੇ। ਇਸ ਨੂੰ ਕੋਈ ਨਵੀਂ ਵਾਰਤਾ ਪ੍ਰਕਿਰਿਆ ਦੀ ਸ਼ੁਰੂਆਤ ਕਰਾਰ ਦੇਣਾ ਮੁਨਾਸਿਬ ਨਹੀਂ।
ਇਸ ਦਰਮਿਆਨ ਇਹ ਸਵਾਲ ਲਾਜ਼ਮੀ ਹੈ ਕਿ ਸੁਸ਼ਮਾ ਸਵਰਾਜ ਤੇ ਸ਼ਾਹ ਮੁਹੰਮਦ ਕੁਰੈਸ਼ੀ ਜਦੋਂ ਮਿਲਣਗੇ ਤਾਂ ਗੱਲਬਾਤ ਦੇ ਮੁੱਦੇ ਕੀ ਹੋਣਗੇ। ਦੋਵੇਂ ਖੇਮੇ ਇਸ ਬਾਰੇ ਫਿਲਹਾਲ ਚੁੱਪ ਸਾਧੀਂ ਬੈਠੇ ਹੋਣ ਪਰ ਸੰਕੇਤ ਹਨ ਕਿ ਇਹ ਮੁਲਾਕਾਤ ਅੱਗੇ ਗੱਲਬਾਤ ਲਈ ਨਵੇਂ ਸਿਲਸਿਲੇ ਦੀ ਜ਼ਮੀਨ ਤਿਆਰ ਕਰ ਸਕਦੀ ਹੈ। ਸੂਤਰਾਂ ਮੁਤਾਬਕ ਭਾਰਤ ਇਹ ਦੇਖੇਗਾ ਕਿ ਵਾਰਤਾ ਦੀ ਮੈਜ਼ 'ਤੇ ਕੁਰੈਸ਼ੀ ਕੀ ਲੈ ਕੇ ਆਉਂਦੇ ਹਨ ਤੇ ਭਾਰਤ ਦੀਆਂ ਚਿੰਤਾਵਾਂ ਦੇ ਜਵਾਬ 'ਚ ਉਨ੍ਹਾਂ ਕੋਲ ਕੀ ਹੱਲ ਹੈ। ਇਸ ਤੋਂ ਬਾਅਦ ਹੀ ਅੱਗੇ ਦੇ ਕਿਸੇ ਕਦਮ ਬਾਰੇ ਫੈਸਲਾ ਹੋਵੇਗਾ।


ਗੱਲਬਾਤ ਦਾ ਵਿਸ਼ਾ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਰਹਿਣ ਦੀ ਸੰਭਾਵਨਾ ਹੈ। ਰਵੀਸ਼ ਕੁਮਾਰ ਨੇ ਦੱਸਿਆ ਕਿ ਵਿਦੇਸ਼ ਮੰਤਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਰਾਹ ਖੋਲ੍ਹਣ ਦਾ ਮੁੱਦਾ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਹੋਣ ਵਾਲੀ ਆਪਣੀ ਚਰਚਾ 'ਚ ਪ੍ਰਮੁੱਖਤਾ ਨਾਲ ਉਠਾਉਣਗੇ। ਇਹ ਮੁੱਦਾ ਭਾਰਤ 1999 'ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਾਕਿਸਤਾਨ ਯਾਤਰਾ ਦੇ ਸਮੇਂ ਤੋਂ ਲਗਾਤਾਰ ਚੁੱਕਦਾ ਰਿਹਾ ਹੈ।


ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੀ ਇਸ ਤਾਜ਼ਾ ਕਵਾਇਦ ਦਰਮਿਆਨ ਭਾਰਤ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਕਿਸੇ ਵੱਡੇ ਨਿਵੇਸ਼ ਦੇ ਮੂਡ 'ਚ ਨਹੀਂ ਹੈ। ਖਾਸ ਕਰਕੇ ਅਜਿਹੇ 'ਚ ਜਦੋਂ ਭਾਰਤ 'ਚ ਚੁਣਾਵੀਂ ਹਵਾਵਾਂ ਤੇਜ਼ ਹੋ ਰਹੀਆਂ ਹਨ। ਦਸੰਬਰ 2015 'ਚ ਪ੍ਰਧਾਨ ਮੰਤਰੀ ਮੋਦੀ ਦੇ ਲਾਹੌਰ ਦੌਰੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਜਿਹੀਆਂ ਘਟਨਾਵਾਂ ਨਾਲ ਬੀਜੇਪੀ ਸਰਕਾਰ ਦੀ ਸਿਆਸੀ ਗਣਿਤ ਗੜਬੜਾ ਸਕਦਾ ਹੈ। ਚੋਣਾਂ ਦੇ ਮਾਹੌਲ ਦੌਰਾਨ ਭਾਰਤ ਵੱਲੋਂ ਕਿਸੇ ਵੱਡੇ ਐਲਾਨ ਦੀ ਉਮੀਦ ਅਜੇ ਧੁੰਦਲੀ ਹੈ।