ਧਰਮਸ਼ਾਲਾ: ਪਾਬੰਧੀ ਦੇ ਬਾਵਜੂਦ ਤ੍ਰਿਉਂਡ ਗਏ ਟ੍ਰੈਕਰਾਂ ਵਿੱਚੋਂ ਇੱਕ ਟ੍ਰੈਕਰ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਹਿਮਾਂਸ਼ੂ ਅਹੂਜਾ ਨਾਂ ਦਾ ਲਾਪਤਾ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਤ੍ਰਿਉਂਡ ਵਿੱਚ ਜਾਣ ਤੋਂ ਪਾਬੰਧੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਕੁੱਲ 40 ਨੌਜਵਾਨਾਂ ਦਾ ਗਰੁੱਪ ਇੱਥੇ ਟ੍ਰੈਕਿੰਗ ਲਈ ਗਿਆ ਜਿਨ੍ਹਾਂ ਵਿੱਚੋਂ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ।
ਖੂਬਸੂਰਤ ਟ੍ਰੈਕਿੰਗ ਸਥਾਨ ਤ੍ਰਿਉਂਡ ਧਰਮਸ਼ਾਲਾ ਦੇ ਮੈਕਲੌਡਗੰਜ ਦੇ ਉੱਪਰ ਸਥਿਤ ਹੈ। ਇਸ ਵਾਰ ਭਾਰੀ ਬਰਫ਼ਬਾਰੀ ਕਰਕੇ ਇੱਥੇ ਟ੍ਰੈਕਿੰਗ ਲਈ ਜਾਂਦਾ ਰਾਹ ਬੰਦ ਰੱਖਿਆ ਗਿਆ ਸੀ ਤੇ ਟ੍ਰੈਕਿੰਗ ਕਰਨ ’ਤੇ ਵੀ ਪਾਬੰਧੀ ਲਾਈ ਗਈ ਹੈ। ਪਰ 40 ਨੌਜਵਾਨਾਂ ਦਾ ਗਰੁੱਪ ਚੋਰੀ ਛੁਪੇ ਟ੍ਰੈਕਿੰਗ ਲਈ ਤ੍ਰਿਉਂਡ ਪਹੁੰਚ ਗਿਆ।
ਨੌਜਵਾਨ ਦੇ ਲਾਪਤਾ ਹੋਣ ਬਾਅਦ ਉਸ ਦੇ ਬਾਕੀ ਸਾਥੀਆਂ ਨੇ ਪੁਲਿਸ ਥਾਣਾ ਮੈਕਲੌਡਗੰਜ ਵਿੱਚ ਜਾਣਕਾਰੀ ਦਿੱਤੀ। ਇਸ ਪਿੱਛੋਂ ਮੈਕਲੌਡਗੰਜ ਪੁਲਿਸ ਥਾਣੇ ਦੀ ਟੀਮ ਨੇ ਨੌਜਵਾਨ ਦੀ ਤਲਾਸ਼ ਲਈ ਟੀਮ ਰਵਾਨਾ ਕਰ ਦਿੱਤੀ ਹੈ। 40 ਨੌਜਵਾਨਾਂ ਦਾ ਇਹ ਗਰੁੱਪ ਦਿੱਲੀ ਦੀ ਅਗਰਸੇਨ ਯੂਨੀਵਰਸਿਟੀ ਤੋਂ ਆਇਆ ਸੀ।