ਭੂਪਾਲ: ਮੱਧ ਪ੍ਰਦੇਸ਼ ਸਰਕਾਰ ਨੇ 2020-21 ਲਈ ਆਪਣੀ ਆਬਕਾਰੀ ਨੀਤੀ ਐਲਾਨੀ ਹੈ। ਇਸ ਅਨੁਸਾਰ,ਰਾਜ ਵਿੱਚ ਸ਼ਰਾਬ ਦੀ ਕੋਈ ਨਵੀਂ ਦੁਕਾਨ ਨਹੀਂ ਖੁੱਲੇਗੀ, ਜਦੋਂਕਿ ਵਿਦੇਸ਼ੀ ਸ਼ਰਾਬ ਆਨਲਾਈਨ ਖਰੀਦੀ ਜਾ ਸਕਦੀ ਹੈ। ਇਸ ਵੇਲੇ ਨੀਤੀ ਵਿੱਚ ਭਾਰਤੀ ਸ਼ਰਾਬ ਸ਼ਾਮਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਹਰ ਬੋਤਲ 'ਤੇ ਸ਼ਰਾਬ ਦੀ ਗੈਰਕਾਨੂੰਨੀ ਵਿਕਰੀ ਨੂੰ ਰੋਕਣ ਲਈ ਬਾਰ ਕੋਡ ਲਾਏ ਜਾਣਗੇ।
ਇਹ ਵੀ ਫੈਸਲਾ ਲਿਆ ਗਿਆ ਹੈ ਕਿ ਅੰਗੂਰਾਂ ਤੋਂ ਬਣੀ ਵਾਈਨ ਨੂੰ ਉਤਸ਼ਾਹਿਤ ਕਰਨ ਲਈ ਸੈਰ-ਸਪਾਟਾ ਸਥਾਨਾਂ 'ਤੇ 15 ਨਵੇਂ ਵਾਈਨ ਆਉਟਲੈਟ ਖੋਲ੍ਹੇ ਜਾਣਗੇ। ਇਨ੍ਹਾਂ ਦੁਕਾਨਾਂ ਦੀ ਫੀਸ 10,000 ਰੁਪਏ ਸਾਲਾਨਾ ਹੋਵੇਗੀ।
ਸ਼ਨੀਵਾਰ ਨੂੰ ਐਲਾਨ ਕਰਦਿਆਂ ਮੱਧ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਰਾਜ ਵਿਚ ਚੱਲ ਰਹੀਆਂ ਸਾਰੀਆਂ 2,544 ਦੇਸੀ ਸ਼ਰਾਬ ਦੀਆਂ ਦੁਕਾਨਾਂ ਤੇ 1,061 ਵਿਦੇਸ਼ੀ ਸ਼ਰਾਬ ਦੀਆਂ ਦੁਕਾਨਾਂ ਮਾਲੀਆ ਵਧਾਉਣ ਲਈ ਪਿਛਲੇ ਸਾਲ ਦੀ ਸਾਲਾਨਾ ਫੀਸ ਵਿੱਚ 25 ਪ੍ਰਤੀਸ਼ਤ ਦੇ ਵਾਧੇ ਨਾਲ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਮੱਧ ਪ੍ਰਦੇਸ਼ ਵਿੱਚ ਕੋਈ ਨਵੀਂ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹੀ ਜਾਵੇਗੀ।