ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਮੰਗਲਵਾਰ ਨੂੰ ਪ੍ਰਾਈਵੇਟ ਬੈਂਕ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਡੋਨੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸਿਸਟਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਿਸਟਮ ਕਮੇਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਹੈ। ਇਸ ਦੀ ਮਦਦ ਨਾਲ ਦਾਨੀਆਂ ਨੂੰ ਤੁਰੰਤ ਰਸੀਦ ਮੁਹੱਈਆ ਕਰਾਈ ਜਾਏਗੀ। ਲੌਂਗੋਵਾਲ ਨੇ ਦੱਸਿਆ ਕਿ HDFC ਬੈਂਕ ਇਸ ਸੇਵਾ ਲਈ ਸਹਿਯੋਗ ਦੇ ਰਿਹਾ ਹੈ। ਆਨਲਾਈਨ ਡੋਨੇਸ਼ਨ ਸਿਸਟਮ ਦਾ ਸਾਫਟਵੇਅਰ ਬੈਂਕ ਵੱਲੋਂ ਮੁਫ਼ਤ ਤਿਆਰ ਕੀਤਾ ਗਿਆ ਹੈ। ਸਿਸਟਮ ਰਾਹੀਂ ਰਕਮ ਦਾਨ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਕਾਰਡ ਵਰਤਿਆ ਜਾ ਸਕਦਾ ਹੈ। ਇਸ ਕੰਮ ਲਈ ਨੈੱਟ ਬੈਂਕਿੰਗ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।