ਸੋਨੀਪਤ: ਜੇਕਰ ਤੁਸੀਂ ਆਨ-ਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ। ਤਾਜ਼ਾ ਮਾਮਲਾ ਸੋਨੀਪਤ ਦਾ ਹੈ ਜਿੱਥੇ ਇੱਕ ਮਹਿਲਾ ਠੱਗੀ ਦਾ ਸ਼ਿਕਾਰ ਹੋ ਕੇ 1.06 ਕਰੋੜ ਰੁਪਏ ਗਵਾ ਚੁੱਕੀ ਹੈ। ਮਾਮਲਾ ਸੋਨੀਪਤ ਦੇ ਸੈਕਟਰ 15 ਦਾ ਹੈ ਜਿੱਥੇ ਮਹਿਲਾ ਨੂੰ ਪੌਣੇ ਤਿੰਨ ਕਰੋੜ ਰੁਪਏ ਦੀ ਲਾਟਰੀ ਦਾ ਝਾਂਸਾ ਦੇ ਕੇ ਉਸ ਤੋਂ 1.06 ਕਰੋੜ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਠੱਗੀ ਕਰਨ ਵਾਲੇ ਮੁਲਜ਼ਮਾਂ ਨੇ ਖੁਦ ਨੂੰ ਕੈਨੇਡੀਅਨ ਅੰਬੈਸੀ ਦਾ ਕਰਮੀ ਤੇ ਆਰਬੀਆਈ ਦਾ ਕਰਮਚਾਰੀ ਦੱਸਿਆ। ਮਹਿਲਾ ਨੂੰ ਜਦੋਂ ਠੱਗੀ ਦਾ ਪਤਾ ਲੱਗਿਆ ਤਾਂ ਉਸ ਨੇ ਸਿਵਲ ਲਾਈਨ ਥਾਣਾ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਮੁਲਜ਼ਮਾਂ ਨੂੰ 90 ਲੱਖ ਰੁਪਏ ਕੈਸ਼ ਤੇ 16.42 ਲੱਖ ਰੁਪਏ ਉਨ੍ਹਾਂ ਦੇ ਵੱਖ-ਵੱਖ ਖਾਤਿਆਂ ‘ਚ ਜਮਾਂ ਕਰਵਾਏ ਸੀ। ਪੁਲਿਸ ਹੁਣ ਮੋਬਾਈਲ ਨੰਬਰਾਂ ਤੇ ਬੈਂਕ ਖਾਤਿਆਂ ਦੇ ਨੰਬਰਾਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਨੇ ਨੌਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।