ਚੰਡੀਗੜ੍ਹ: ਮੂਲ ਨਾਲੋਂ ਵਿਆਜ ਦੇ ਮੋਹ 'ਚੋਂ ਬਾਹਰ ਆਉਂਦਿਆਂ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋਵੇਂ ਪੋਤਿਆਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹਰਿਆਣਾ ਦੇ ਸਭ ਤੋਂ ਪੁਰਾਣੇ ਤੇ ਵੱਡੇ ਸਿਆਸੀ ਘਰਾਣੇ ਚੌਟਾਲਾ ਪਰਿਵਾਰ ਵਿੱਚ ਚੱਲ ਰਹੀ ਖਿੱਚੋਤਾਣ ਕਾਰਨ ਇਨੈਲੋ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਤੇ ‘ਇਨਸੋ’ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੂੰ ਪਾਰਟੀ ਵਿਚੋਂ ਕੱਢਣ ਦਾ ਕਦਮ ਚੁੱਕਿਆ ਹੈ। ਪਾਰਟੀ ਸੁਪਰੀਮੋ ਵੱਲੋਂ ਪਾਰਟੀ ਦੇ ਸਟਾਰ ਨੌਜਵਾਨ ਨੇਤਾਵਾਂ ਵਿਰੁੱਧ ਚੁੱਕੇ ਇਸ ਸਖ਼ਤ ਕਦਮ ਤੋਂ ਵਰਕਰ ਖਾਸੇ ਨਾਰਾਜ਼ ਹਨ।


ਦੁਸ਼ਯੰਤ ਨੂੰ ਪਾਰਟੀ ਨੇ ਖ਼ੁਦ ਬਾਹਰ ਕੱਢਿਆ ਹੈ, ਇਸ ਲਈ ਉਹ ਹਿਸਾਰ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਚੌਟਾਲਾ ਨੇ ਦੋਵਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਪਾਰਟੀ ਵਿੱਚੋਂ ਬਾਹਰ ਕੀਤਾ ਹੈ। ਓ.ਪੀ. ਚੌਟਾਲਾ ਨੇ ਇਹ ਕਦਮ ਆਪਣੇ ਵੱਡੇ ਪੁੱਤਰ ਤੇ ਸਾਬਕਾ ਸੰਸਦ ਮੈਂਬਰ ਡਾ. ਅਜੈ ਸਿੰਘ ਚੌਟਾਲਾ ਦੇ ਤਿਹਾੜ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਿਲਕੁਲ ਪਹਿਲਾਂ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਅਜੈ ਚੌਟਾਲਾ ਦਾ 14 ਦਿਨ ਦਾ ਪੈਰੋਲ ਮਨਜ਼ੂਰ ਹੋਈ ਹੈ ਤੇ ਉਹ 5 ਨਵੰਬਰ ਨੂੰ ਬਾਹਰ ਆ ਰਹੇ ਹਨ। ਚੌਟਾਲਾ ਨੇ ਦੋਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਦੇ ਨਾਲ-ਨਾਲ ਦੁਸ਼ਯੰਤ ਨੂੰ ਸੰਸਦ ਵਿੱਚ ਪਾਰਟੀ ਦੀ ਸੰਸਦੀ ਕਮੇਟੀ ਦੇ ਪ੍ਰਧਾਨ ਵਜੋਂ ਵੀ ਹਟਾ ਦਿੱਤਾ ਹੈ।

ਚੌਟਾਲਾ ਪਰਿਵਾਰ ਵਿਚ ਚੱਲ ਰਿਹਾ ਸਿਆਸੀ ਘਮਸਾਣ 7 ਅਕਤੂਬਰ ਨੂੰ ਗੋਹਾਣਾ ਵਿਚ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ ਕੀਤੇ ਸਮਾਗਮ ਵਿੱਚ ਜਨਤਕ ਤੌਰ ’ਤੇ ਸਾਹਮਣੇ ਆਇਆ ਸੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੂੰ ਬੋਲਣ ਨਹੀਂ ਦਿੱਤਾ ਗਿਆ ਸੀ ਤੇ ਇਸ ਲਈ ਦੁਸ਼ਯੰਤ ਤੇ ਦਿਗਵਿਜੈ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਸਬੰਧੀ ਪਾਰਟੀ ਨੇ ਇਕ ਅਨੁਸ਼ਾਸਨੀ ਸਮਿਤੀ ਬਣਾਈ ਸੀ ਤੇ ਉਸੇ ਦੀ ਸਿਫ਼ਾਰਸ਼ ’ਤੇ ਦੋਵਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।

ਦੂਜੇ ਪਾਸੇ ਪਾਰਟੀ ਵੱਲੋਂ ਕੀਤੀ ਇਸ ਵੱਡੀ ਕਾਰਵਾਈ ਦੇ ਵਿਰੋਧ ਵਿੱਚ ਕਾਰਕੁਨਾਂ ਦਾ ਗੁੱਸਾ ਵੀ ਫੁੱਟ ਪਿਆ ਹੈ। ਅੰਬਾਲਾ ਦੇ ਚੌਧਰੀ ਦੇਵੀ ਲਾਲ ਚੌਕ ਵਿੱਚ ਪਾਰਟੀ ਵਰਕਰ ਦੁਸ਼ਯੰਤ ਦੇ ਪੱਖ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨੇ 'ਤੇ ਬੈਠ ਗਏ ਹਨ। ਦੁਸ਼ਯੰਤ ਤੇ ਦਿਗਵਿਜੈ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਪੂਰੇ ਸੂਬੇ ਵਿੱਚੋਂ ਪਾਰਟੀ ਵਰਕਰਾਂ ਵੱਲੋਂ ਅਸਤੀਫ਼ੇ ਦੇਣ ਦੀ ਵੀ ਖ਼ਬਰ ਹੈ।