ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਵਿੱਚ ਚੱਲ ਰਹੀ ਲੜਾਈ ਬਾਰੇ ਵਿਰੋਧੀ ਦਲਾਂ ਨੇ ਸਿੱਧਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੀਬੀਆਈ ਦੀ ਆਜ਼ਾਦੀ ਵਿੱਚ ਆਖ਼ਰੀ ਕਿੱਲ ਠੋਕ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਸੀਬੀਆਈ ਦਾ ਅਕਸ ਤਬਾਹ ਕਰ ਦਿੱਤਾ ਹੈ ਤੇ ਪੂਰੀ ਬਦਨਾਮੀ ਕਰ ਦਿੱਤੀ ਹੈ।




ਕਾਂਗਰਸ ਨੇ ਲਾਏ ਗੰਭੀਰ ਇਲਜ਼ਾਮ

ਸੁਰਜੇਵਾਲਾ ਨੇ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ ਨੂੰ ਬੈਂਕ ਘਪਲੇ ਤੇ ਰਾਫ਼ੇਲ ਡੀਲ ਨਾਲ ਜੋੜ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਆਲੋਕ ਵਰਮਾ ਰਾਫ਼ੇਲ ਸੌਦੇ ਦੀ ਜਾਂਚ ਸ਼ੁਰੂ ਕਰਨ ਵਾਲੇ ਸਨ, ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਆਲੋਕ ਵਰਮਾ ਨੀਰਵ ਮੋਦੀ, ਮੇਹੁਲ ਚੌਕਸੀ ਤੇ ਵਿਜੇ ਮਾਲਿਆ ਮਾਮਲੇ ਵਿੱਚ ਸਖ਼ਤੀ ਵਰਤ ਰਹੇ ਸੀ, ਇਸ ਲਈ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਹਟਾ ਦਿੱਤਾ।



ਅਰਵਿੰਦ ਕੇਜਰੀਵਾਲ ਨੇ ਵੀ ਸਾਧੇ ਨਿਸ਼ਾਨੇ


ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ 'ਤੇ ਸਵਾਲ ਚੁੱਕਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਾਂ ਨੇ ਵੀ ਇਸ ਨੂੰ ਰਾਫ਼ੇਲ ਸੌਦੇ ਨਾਲ ਜੋੜਿਆ। ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਸੁਣਿਆ ਹੈ ਕਿ ਰਾਫ਼ੇਲ ਸੌਦੇ 'ਤੇ ਜਾਂਚ ਸ਼ੁਰੂ ਕਰਨ ਜਾ ਰਹੇ ਸੀਬੀਆਈ ਨਿਰਦੇਸ਼ਕ ਨੂੰ ਛੁੱਟੀ 'ਤੇ ਭੇਜਿਆ ਗਿਆ। ਉਨ੍ਹਾਂ ਨੂੰ ਹਟਾ ਕੇ ਰਾਫ਼ੇਲ ਸਬੰਧੀ ਕਾਗ਼ਜ਼ਾਤ ਤਲਾਸ਼ੇ ਜਾ ਰਹੇ ਹਨ ਕੀ?


ਪ੍ਰਸ਼ਾਂਤ ਭੂਸ਼ਣ ਨੇ ਵੀ ਘੇਰੀ ਮੋਦੀ ਸਰਕਾਰ

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੀਬੀਆਈ ਵਿੱਚ ਜਾਰੀ ਖਿੱਚੋਤਾਣ 'ਤੇ ਕਿਹਾ ਹੈ ਕਿ ਸਰਕਾਰ ਵੱਲੋਂ ਇਹ ਸਭ ਰਾਕੇਸ਼ ਅਸਥਾਨਾ ਨੂੰ ਬਚਾਉਣ ਲਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਇਹ ਰਾਫ਼ੇਲ 'ਤੇ ਸਾਡੇ ਵੱਲੋਂ ਲਾਏ ਦੋਸ਼ਾਂ ਨੂੰ ਸੀਬੀਆਈ ਜਾਂਚ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸੀਬੀਆਈ ਦੇ ਵਿਸ਼ੇਸ਼ ਨਿਰਦੇਸ਼ਕ ਵਜੋਂ ਰਾਕੇਸ਼ ਅਸਥਾਨਾ ਦੀ ਨਿਯੁਕਤੀ ਨੂੰ ਪ੍ਰਸ਼ਾਂਤ ਭੂਸ਼ਣ ਨੇ ਪਹਿਲਾਂ ਵੀ ਚੈਲੰਜ ਕੀਤਾ ਹੈ।


ਸੀਤਾਰਾਮ ਯੇਚੁਰੀ ਨੇ ਚੁੱਕੇ ਮੋਦੀ 'ਤੇ ਸਵਾਲ

ਬੀਤੇ ਕੱਲ੍ਹ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਸੀ ਕਿ ਅਧਿਕਾਰੀ (ਅਸਥਾਨਾ) ਨੂੰ ਬੀਜੇਪੀ ਨੇ ਥਾਪੜਾ ਦਿੱਤਾ ਤੇ ਮੋਦੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਚੁਣਿਆ। ਸੀਬੀਆਈ ਵਿੱਚ ਅਸਥਾਨਾ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਅਜਿਹਾ ਬੀਜੇਪੀ ਵਿਰੁੱਧ ਚੱਲ ਰਹੇ ਸਾਰੇ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰਨ ਲਈ ਕੀਤਾ ਜਾ ਗਿਆ ਹੈ।