ਨਵੀਂ ਦਿੱਲੀ: ਚੋਣਾਂ ਵਿੱਚ ਨੋਟਬੰਦੀ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫੇਰ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਨੋਟਬੰਦੀ ਦੌਰਾਨ ਅਹਿਮਦਾਬਾਦ ਦੇ ਭਾਜਪਾ ਲੀਡਰਾਂ ਨੇ ਪੁਰਾਣੇ ਨੋਟ 40 ਫੀਸਦੀ ਕਮਿਸ਼ਨ ਲੈ ਕੇ ਬਦਲੇ ਸੀ। ਵੀਡੀਓ ‘ਚ ਦਿਖਾਇਆ ਗਿਆ ਕਿ 5 ਕਰੋੜ ਦੇ 500 ਨੋਟ ਆਏ ਤੇ 3 ਕਰੋੜ ਦੇ 2000 ਦੇ ਨੋਟ ਦਿੱਤੇ ਗਏ।

ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ 31 ਦਸੰਬਰ ਤੋਂ ਬਾਅਦ ਇਹ ਸਭ ਕੁਝ ਹੋਇਆ। ਕਾਂਗਰਸ ਨੇਤਾ ਕਪਿਲ ਸਿਬੱਲ ਦਾ ਕਹਿਣਾ ਹੈ ਕਿ ਕੁਝ ਚੌਕੀਦਾਰਾਂ ਨੇ ਦੇਸ਼ ਨਾਲ ਗੱਦਾਰੀ ਕੀਤੀ ਹੈ ਤੇ ਆਮ ਆਦਮੀ ਦੀ ਜੇਬ ਤੋਂ ਪੈਸਾ ਖੋਹ ਲਿਆ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਜੀਐਸਟੀ ਤੇ ਨੋਟਬੰਦੀ ਕਰਕੇ ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਤੇ ਆਮ ਲੋਕਾਂ ‘ਤੇ ਹਮਲਾ ਕੀਤਾ। ਇਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨ ਹੋਣਾ ਪਿਆ ਸੀ। ਰਾਹੁਲ ਨੇ ਅੱਗੇ ਕਿਹਾ ਕਿ ਅਸਲ ‘ਚ ਮੋਦੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਕਾਲੇ ਧਨ ਨੂੰ ਖ਼ਤਮ ਕੀਤਾ ਜਾਵੇਗਾ ਪਰ ਅਸਲ ‘ਚ ਨੋਟਬੰਦੀ ਨਾਲ ਕਾਲੇ ਧਨ ਨੂੰ ਬਦਲ ਲਿਆ ਗਿਆ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਕੁਝ ਵਪਾਰੀਆਂ ਦੇ ਲੱਖਾਂ-ਕਰੋੜਾਂ ਰੁਪਏ ਮਾਫ ਕੀਤੇ, ਪਰ ਕਿਸਾਨਾਂ ਦਾ ਇੱਕ ਰੁਪਇਆ ਵੀ ਮਾਫ ਨਹੀਂ ਕੀਤਾ। ਮੋਦੀ ਜੀ ਸਿਰਫ ਵਾਅਦੇ ਕਰਦੇ ਹਨ, ਹੋਰ ਕੁਝ ਨਹੀ ਕਰਦੇ।