ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਵਾਅਦਾ ਕਰਦੇ ਹੋਏ ਦੇਸ਼ ਦੇ 20 ਫੀਸਦ ਸਭ ਤੋਂ ਗਰੀਬਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਅੱਜ ਇਸ ਘੱਟੋ-ਘੱਟ ਆਮਦਨ ਯੋਜਨਾ ਬਾਰੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਘੱਟੋ-ਘੱਟ ਆਮਦਨ ਤਹਿਤ ਦਿੱਤੀ ਜਾਣ ਵਾਲੀ 72 ਹਜ਼ਾਰ ਰੁਪਏ ਦੀ ਰਕਮ ਸਿੱਧੇ ਘਰ ਦੀਆਂ ਔਰਤਾਂ ਦੇ ਖਾਤੇ ‘ਚ ਪਾਈ ਜਾਵੇਗੀ। ਕਾਂਗਰਸ ਨੇ ਆਪਣੀ ਇਸ ਸਕੀਮ ਨੂੰ ਮਹਿਲਾ ਕੇਂਦਰਤ ਯੋਜਨਾ ਕਿਹਾ ਹੈ। ਇਸ ਦੇ ਨਾਲ ਹੀ ਮੋਦੀ ਨੂੰ ਗਰੀਬ ਵਿਰੋਧੀ ਹੋਣ ਦਾ ਇਲਜ਼ਾਮ ਵੀ ਲਾਇਆ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਗਰੀਬ 20% ਪਰਿਵਾਰਾਂ ਨੂੰ 72,000 ਰੁਪਏ ਸਾਲਾਨਾ ਮਦਦ ਦੇਣ ਦਾ ਵਾਅਦਾ ਕੀਤਾ ਹੈ। ਇਸ ਯੋਜਨਾ ‘ਚ ਜ਼ਿਆਦਾ ਤੋਂ ਜ਼ਿਆਦਾ 6000 ਰੁਪਏ ਮਹੀਨਾ ਦਿੱਤੇ ਜਾਣਗੇ।

ਰਾਹੁਲ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਫਾਇਦਾ 5 ਕਰੋੜ ਪਰਿਵਾਰਾਂ ਨੂੰ ਹੋਵੇਗਾ, ਜਿਸ ਨਾਲ ਸਰਕਾਰੀ ਖਜਾਨੇ ‘ਤੇ 3.6 ਲੱਖ ਕਰੋੜ ਦਾ ਬੋਝ ਪਵੇਗਾ। ਇਸ ਨਾਲ ਮੌਜੂਦਾ ਸਰਕਾਰ ਦਾ ਮੌਜੂਦਾ ਵਿੱਤੀ ਘਾਟਾ 7 ਲੱਖ ਕਰੋੜ ਤੋਂ ਵੱਧ 10.6 ਲੱਖ ਕਰੋੜ ਹੋ ਜਾਵੇਗਾ।