ਫਾਜ਼ਿਲਕਾ: ਬੀਐਸਐਫ ਦੀ 181 ਬਟਾਲੀਅਨ ਨੇ ਫਾਜ਼ਿਲਕਾ ਦੀ ਸਾਦਕੀ ਚੌਕੀ ਦੇ ਨਜ਼ਦੀਕ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਬ ਇੰਸਪੈਕਟਰ ਕਿਸ਼ੋਰ ਚੰਦ ਨੇ ਦੱਸਿਆ ਕਿ ਬੀਐਸਐਫਦੀ 181 ਬਟਾਲੀਅਨ ਦੇ ਕਮਾਂਡੈਂਟ ਗੁਰਪ੍ਰੀਤ ਸਿੰਘ ਵੱਲੋਂ ਘੁਸਪੈਠੀਏ ਨੂੰ ਭਾਰਤੀ ਸਰਹੱਦ ਅੰਦਰ ਵੜਦਿਆਂ ਫੜਿਆ ਗਿਆ। ਸੋਮਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 1,040 ਰੁਪਏ, ਇੱਕ ਬੱਸ ਦੀ ਟਿਕਟ, ਸ਼ਨਾਖਤੀ ਕਾਰਡ ਤੇ ਤਾਲੇ ਦੀਆਂ 4 ਕੁੰਜੀਆਂ ਬਰਾਮਦ ਹੋਈਆ ਹਨ। ਇਹ ਕਾਫ਼ੀ ਸ਼ਾਤਰ ਲੱਗ ਰਿਹਾ ਹੈ। ਪੁੱਛਗਿਛ ਵਿੱਚ ਇਹ ਰਿਟਰੀਟ ਸੇਰੈਮਨੀ ਦੇਖਣ ਲਈ ਭਾਰਤ ਆਉਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਜਾਏਗੀ ਤਾਂ ਕਿ ਇਸ ਦਾ ਭਾਰਤ ਆਉਣ ਦਾ ਕਾਰਨ ਪਤਾ ਲਾਇਆ ਜਾ ਸਕੇ।

ਮੁਲਜ਼ਮ ਦਾ ਨਾਂ ਸਾਜਿਦ ਅਲੀ ਹੈ ਜੋ ਕੱਚੀ ਆਬਾਦੀ ਵਾਇਆ ਨਾਜ਼ਾਦ ਰੇਲਵੇ ਫਾਟਕ ਗਲੀ ਨੰਬਰ 10 ਮੁਮਤਾਜਬਾਦ, ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਉੱਤੇ ਧਾਰਾ 3/34 ਆਈਪੀਸੀ ਐਕਟ ਤੇ 14 ਫੌਰਨਰ ਐਕਟ ਦੇ ਤਹਿਤ ਫਾਜ਼ਿਲਕਾ ਸਦਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।