ਇਸਲਾਮਾਬਾਦ: ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਾਲੇ ਦਿਨ ਹੀ ਅਯੁੱਧਿਆ ਮਾਮਲੇ ਦੇ ਫੈਸਲੇ ’ਤੇ ਪਾਕਿਸਤਾਨ ਹੈਰਾਨ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਾਲੇ ਦਿਨ ਅਯੁੱਧਿਆ ਮਾਮਲੇ ਦੇ ਆਏ ਫੈਸਲੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਸ ਖੁਸ਼ੀ ਦੇ ਮੌਕੇ ’ਤੇ ਦਿਖਾਈ, ‘ਅਸੰਵੇਦਨਸ਼ੀਲਤਾ’ ਤੋਂ ਬਹੁਤ ਦੁਖੀ ਹਨ।

‘ਡਾਅਨ’ ਨਿਊਜ਼ ਟੀਵੀ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, ‘‘ਕੀ ਇਸ ਨੂੰ ਕੁਝ ਦਿਨ ਟਾਲਿਆ ਨਹੀਂ ਜਾ ਸਕਦਾ ਸੀ? ਮੈਂ ਇਸ ਖੁਸ਼ੀ ਦੇ ਮੌਕੇ ’ਤੇ ਦਿਖਾਈ ਗਈ ‘ਅਸੰਵੇਦਨਸ਼ੀਲਤਾ’ ਤੋਂ ‘ਬਹੁਤ ਦੁਖੀ ਹਾਂ’। ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਤੁਹਾਨੂੰ ਇਸ ਤੋਂ ਧਿਆਨ ਵੰਡਾਉਣ ਦੀ ਥਾਂ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਨਾ ਚਾਹੀਦਾ ਸੀ। ਇਹ ਵਿਵਾਦ ਸੰਵੇਦਨਸ਼ੀਲ ਸੀ ਤੇ ਇਸ ਪਵਿੱਤਰ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ।’’

ਦੂਜੇ ਪਾਸੇ ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਇਸ ਟਿੱਪਣੀ ’ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਫਰਤ ਫੈਲਾਉਣ ਦੇ ਉਦੇਸ਼ ਨਾਲ ਭਾਰਤ ਦੇ ਅੰਦਰੂਨੀ ਮਸਲਿਆਂ ’ਤੇ ਟਿੱਪਣੀ ਕਰਨਾ ਇਸਲਾਮਾਬਾਦ ਦੀ ‘ਮਾਨਸਿਕ ਮਜਬੂਰੀ’ ਹੈ, ਜੋ ਨਿੰਦਣਯੋਗ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਅਸੀਂ ਕਿਸੇ ਸਿਵਲ ਮਾਮਲੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪਾਕਿਸਤਾਨ ਵੱਲੋਂ ਕੀਤੀ ਅਣ-ਅਧਿਕਾਰਤ ਤੇ ਬੇਲੋੜੀ ਟਿਪਣੀ ਨੂੰ ਰੱਦ ਕਰਦੇ ਹਾਂ।”