ਦਿੱਲੀ :ਪਾਕਿਸਤਾਨ ਵੱਲੋਂ ਲੈਫ਼ਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਨੂੰ ਸੈਨਾ ਦਾ ਮੁਖੀ ਐਲਾਨੇ ਜਾਣ ਤੋਂ ਬਾਅਦ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਬਿਕਰਮ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜਨਰਲ ਬਾਜਵਾ ਦੀ ਨਿਯੁਕਤੀ ਉੱਤੇ ਟਿੱਪਣੀ ਕਰਦਿਆਂ ਸਾਬਕਾ ਸੈਨਾ ਮੁਖੀ ਬਿਕਰਮ ਸਿੰਘ ਨੇ ਆਖਿਆ ਕਿ ਬਾਜਵਾ ਰੱਖਿਆ ਦੀ ਮਾਮਲਿਆਂ ਬਾਰੇ ਪਹੁੰਚ ਬਹੁਤ ਪੇਸ਼ੇਵਾਰਾਨਾ ਹੈ।


ਜਨਰਲ ਬਾਜਵਾ ਨੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੀ ਮੁਹਿੰਮ ਦੌਰਾਨ ਜਨਰਲ ਬਿਕਰਮ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੋਇਆ ਹੈ। ਇਸ ਕਰ ਕੇ ਜਰਨਲ ਬਿਕਰਮ ਸਿੰਘ ਪਾਕਿਸਤਾਨ ਦੇ ਨਵੇਂ ਸੈਨਾ ਮੁਖੀ ਨੂੰ ਬਹੁਤ ਹੀ ਨਜ਼ਦੀਕੀ ਤੌਰ ਉੱਤੇ ਜਾਣਦੇ ਹਨ। ਜਨਰਲ ਬਾਜਵਾ ਨੂੰ ਕੰਟਰੋਲ ਰੇਖਾ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਤਰੀ ਇਲਾਕਿਆਂ ’ਚ ਫ਼ੌਜੀ ਕਾਰਵਾਈਆਂ ’ਚ ਵਿਸ਼ੇਸ਼ ਮੁਹਾਰਤ ਹਾਸਲ ਹੈ।

ਰੱਖਿਆ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਰਹੱਦ ਉੱਤੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਹੇ ਤਣਾਅ ਨੂੰ ਧਿਆਨ ਵਿੱਚ ਰੱਖ ਕੇ ਜਨਰਲ ਬਾਜਵਾ ਦੀ ਸੈਨਾ ਮੁਖੀ ਵਜੋਂ ਨਿਯੁਕਤੀ ਕੀਤੀ ਹੈ। ਪਾਕਿਸਤਾਨ ਦੇ ਮੌਜੂਦਾ ਸੈਨਾ ਮੁਖੀ ਰਾਹੀਲ਼ ਸ਼ਰੀਫ਼ 29 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।