ਚੰਡੀਗੜ੍ਹ: ਪਾਕਿਸਤਾਨੀ ਸੈਨਾ ਜੰਮੂ-ਕਸ਼ਮੀਰ ‘ਚ ਧਮਾਕਿਆਂ ਲਈ ਅਫਗਾਨਿਸਤਾਨ ਦੇ ਅੱਤਵਾਦੀਆਂ ਨੂੰ ਭਰਤੀ ਕਰ ਰਹੀ ਹੈ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਕਿ ਸੈਨਾ ਨੇ ਕਰੀਬ 60 ਅਫਗਾਨੀ ਅੱਤਵਾਦੀਆਂ ਨੂੰ ਭਰਤੀ ਕੀਤਾ ਹੈ ਜਿਨ੍ਹਾਂ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਦੱਸਿਆ ਸੀ ਕਿ ਪਾਕਿ ਨੇ 9 ਤੋਂ 16 ਸਤੰਬਰ ‘ਚ ਕਰੀਬ ਅੱਠ ਚੀਨੀ ਡ੍ਰੋਨ ਨਾਲ 80 ਕਿਲੋ ਵਿਸਫੋਟ ਪੰਜਾਬ ਤੇ ਜੰਮੂ-ਕਸ਼ਮੀਰ ‘ਚ ਭੇਜਿਆ ਹੈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਵੀ ਮੰਗਲਵਾਰ ਨੂੰ ਦੱਸਿਆ ਸੀ ਕਿ ਪਾਕਿ ਦੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਵੱਡੇ ਧਮਾਕੇ ਦੀ ਪਲਾਨਿੰਗ ਕਰ ਰਹੇ ਹਨ। ਇਸ ਲਈ ਪਾਕਿ ਆਈਐਸਆਈ ਅੱਤਵਾਦੀ ਸੰਗਠਨ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਸਮੱਰਥਨ ਕਰ ਰਹੀ ਹੈ।

ਏਜੰਸੀਆਂ ਮੁਤਾਬਕ ਆਈਐਸਆਈ ਅਫਗਾਨੀ ਅੱਤਵਾਦੀਆਂ ਨੂੰ ਪਾਕਿ ਦੇ ਖੈਬਰ ਪਖਤੂਨਖਵਾ ‘ਚ ਟ੍ਰੇਨਿੰਗ ਦੇ ਰਹੀ ਹੈ। ਇਨ੍ਹਾਂ ਅੱਤਵਾਦੀਆਂ ਦੀ 24 ਤੋਂ 48 ਘੰਟਿਆਂ ‘ਚ ਛੋਟੇ-ਛੋਟੇ ਗਰੁੱਪਾਂ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਰਹੇਗੀ। ਇਹ ਸਾਰੇ ਪੰਜਾਬ ਤੇ ਜੰਮੂ-ਕਸ਼ਮੀਰ ‘ਚ ਹਮਲਾ ਕਰ ਸਕਦੇ ਹਨ।

ਦਿਨਕਰ ਨੇ ਦੱਸਿਆ ਕਿ 22 ਸਤੰਬਰ ਨੂੰ ਪੰਜਾਬ ਦੇ ਤਰਨ ਤਾਰਨ ਤੋਂ ਚਾਰ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਸੀ। ਇਸ ਸਾਰੇ ਪਾਕਿ ਦੇ ਸਲੀਪਰ ਸੈੱਲ ਹਨ ਜਿਨ੍ਹਾਂ ਕੋਲੋਂ 5 ਏਕੇ-47, ਪਿਸਤੌਲ, ਸੈਟੇਲਾਈਟ ਫੋਨ, ਹੱਥ ਗੋਲੇ ਤੇ ਭਾਰੀ ਮਾਤਰਾ ‘ਚ ਗੋਲਾ-ਬਾਰੂਦ ਮਿਲੀਆ ਸੀ।