ਨਵੀਂ ਦਿੱਲੀ: ਜੰਮੂ ਦੇ ਸੁੰਜਵਾਂ ਫ਼ੌਜੀ ਕੈਂਪ 'ਤੇ ਹੋਏ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਦੇਰ ਸ਼ਾਮ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਇਸ ਹਮਲੇ ਦਾ ਸਰਗਣਾ ਜੈਸ਼-ਏ-ਮੁਹੰਮਦ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਮਸੂਦ ਅਜ਼ਹਰ ਦਾ ਸਮਰਥਨ ਹਾਸਲ ਸੀ। ਉਨ੍ਹਾਂ ਇਸ ਹਮਲੇ ਦੀ ਜਾਂਚ ਜਾ ਜ਼ਿੰਮਾ NIA ਨੂੰ ਸੌਂਪ ਦਿੱਤੀ ਹੈ। ਰੱਖਿਆ ਮੰਤਰੀ ਨੇ ਭਾਰਤ ਸਾਰੇ ਸਬੂਤ ਇਕੱਠੇ ਕਰ ਕੇ ਪਾਕਿਸਤਾਨ ਨੂੰ ਸੌਂਪਣ ਦੀ ਗੱਲ ਵੀ ਕਹੀ ਹੈ।
ਮਜ਼ਹੂਰ ਅਜ਼ਹਰ 2001 ਦੌਰਾਨ ਸੰਸਦ ਭਵਨ 'ਤੇ ਵੱਡਾ ਅੱਤਵਾਦੀ ਹਮਲਾ ਤੇ ਸ੍ਰੀਨਗਰ ਵਿਧਾਨ ਸਭਾ ਦੇ ਬਾਹਰ ਬੰਬ ਧਮਾਕਾ ਵਰਗੇ ਵੱਡੇ ਜੁਰਮਾਂ ਦਾ ਸਰਗਣਾ ਹੈ। ਉਸ ਨੂੰ ਉਸ ਦੇ ਸਾਥੀਆਂ ਨੇ 2001 ਵਿੱਚ ਹੀ ਕੰਧਾਰ ਵਿੱਚ ਭਾਰਤੀ ਜਹਾਜ਼ ਨੂੰ ਅਗ਼ਵਾ ਕਰ ਕੇ ਛੁਡਵਾ ਲਿਆ ਸੀ। ਮਸੂਦ ਅਜ਼ਹਰ ਦੀ ਉੜੀ ਤੇ ਪਠਾਨਕੋਟ ਵਿੱਚ ਫ਼ੌਜੀ ਟਿਕਾਣਿਆ 'ਤੇ ਹੋਏ ਹਮਲੇ ਵਿੱਚ ਵੀ ਸ਼ਮੂਲੀਅਤ ਹੈ। ਇਸੇ ਕਰ ਕੇ ਭਾਰਤ ਉਸ ਨੂੰ ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਵਾਉਣ ਲਈ ਚਾਰਾਜੋਈ ਕਰ ਰਿਹਾ ਹੈ।
10 ਫਰਵਰੀ ਨੂੰ ਅੱਤਵਾਦੀਆਂ ਨੇ ਪਠਾਨਕੋਟ ਜੰਮੂ ਮਾਰਗ 'ਤੇ ਬਣੇ ਹੋਏ ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਕਰ ਦਿੱਤਾ ਸੀ। 30 ਘੰਟੇ ਚੱਲੇ ਇਸ ਆਪ੍ਰੇਸ਼ਨ ਵਿੱਚ ਪੰਜ ਫ਼ੌਜੀ ਜਵਾਨਾਂ ਸਮੇਤ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਸੀ।