ਇਸਲਾਮਾਬਦ : ਭਾਰਤ-ਪਾਕਿਸਤਾਨ ਵਿਚਕਾਰ ਸਰਹੱਦ ਉਤੇ ਵਧਦੇ ਤਣਾਅ ਦੌਰਾਨ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਰੇਖਾ ਪਾਰ ਪਾਕਿਸਤਾਨੀ ਖੇਤਰ ਵਿੱਚ ਘੁਸਪੈਠ ਦਾ ਦੋਸ਼ ਲਾਉਂਦਿਆਂ ਭਾਰਤੀ ਡਰੋਨ ਨੂੰ ਥੱਲੇ ਡੇਗਣ ਦਾ ਦਾਅਵਾ ਕੀਤਾ ਹੈ।


ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਸੀਮ ਸਲੀਮ ਬਾਜਵਾ ਨੇ ਟਵੀਟ ਕੀਤਾ ਕਿ ਦੇਸ਼ ਦੀ ਫ਼ੌਜ ਨੇ ਭਾਰਤੀ ਡਰੋਨ ਨੂੰ ਨਿਸ਼ਾਨਾ ਬਣਾਇਆ ਜੋ ਪਾਕਿਸਤਾਨੀ ਖੇਤਰ ਵਿੱਚ ਡਿੱਗਿਆ ਅਤੇ ਪਾਕਿਸਤਾਨੀ ਫ਼ੌਜ ਨੇ ਮਲਬੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਡਰੋਨ ਕੰਟਰਲ ਰੇਖਾ ਪਾਰ ਕਰਕੇ 60 ਮੀਟਰ ਅੱਗੇ ਪਾਕਿਸਤਾਨ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਇਸ ਡਰੋਨ ਦਾ ਮਲਬਾ ਰੱਖਚੱਕਰੀ ਸੈਕਟਰ ਵਿੱਚ ਮਿਲਿਆ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਊੜੀ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਸਰਹੱਦੀ ਤਣਾਅ ਵਧ ਰਿਹਾ ਹੈ।