ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਕਾਰਨ ਸਰਹੱਦ 'ਤੇ ਵੱਸੇ ਆਮ ਲੋਕ ਪਿੱਸ ਰਹੇ ਹਨ। ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਸਰਜੀਕਲ ਸਟ੍ਰਾਈਕ ਦੇ ਦਾਅਵੇ ਮਗਰੋਂ ਸਰਹੱਦ 'ਤੇ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ। ਇਸ ਗੋਲੀਬਾਰੀ ਵਿੱਚ ਆਮ ਲੋਕ ਸ਼ਿਕਾਰ ਬਣ ਰਹੇ ਹਨ। ਸਰਜੀਕਲ ਸਟ੍ਯਾਈਕ ਮਗਰੋਂ ਹੁਣ ਤੱਕ ਪਾਕਿ ਫਾਇਰਿੰਗ ਦੌਰਾਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਦੌਰਾਨ ਅੱਠ ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਭਾਰਤ ਨੇ ਦਾਅਵਾ ਕੀਤਾ ਹੈ ਕਿ ਬੀ.ਐਸ.ਐਫ. ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ 14 ਪਾਕਿ ਚੌਕੀਆਂ ਤਬਾਹ ਹੋ ਗਈਆਂ ਹਨ। ਭਾਰਤ ਨੇ ਦੋ ਰੇਂਜਰਾਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਦੌਰਾਨ ਰਾਜੌਰੀ ਵਿੱਚ ਸੱਸ ਤੇ ਨੂੰਹ ਦੀ ਮੌਤ ਹੋ ਗਈ। ਪਾਕਿ ਰੇਂਜ਼ਰਾਂ ਨੇ ਰਾਜੌਰੀ ਦੇ ਮੰਜਾਕੋਟ ਸੈਕਟਰ ਦੇ ਨਿਆਕਾ ਨੂੰ ਨਿਸ਼ਾਨਾ ਬਣਾਇਆ। ਇੱਕ ਮੋਰਟਾਰ ਗੋਲਾ ਸੁਲਤਾਨ ਬੇਗਮ ਤੇ ਮਕਬੂਲ ਬੇਗਮ 'ਤੇ ਆ ਡਿੱਗਿਆ। ਉਨ੍ਹਾਂ ਦੋਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਸਾਂਬਾ ਸੈਕਟਰ ਵਿੱਚ 19 ਸਾਲ ਦੀ ਰਾਜਿੰਦਰ ਕੌਰ ਦੀ ਵੀ ਫਾਇਰਿੰਗ ਦੌਰਾਨ ਮੌਤ ਹੋ ਗਈ।