India Pakistan Relation: ਪਾਕਿਸਤਾਨ ਨੇ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਕਸ਼ਮੀਰ ਦਾ ਮੁੱਦਾ ਚੁੱਕ ਕੇ ਆਪਣੀ ਬੇਇੱਜਤੀ ਕਰਵਾਈ ਹੈ। ਦਰਅਸਲ, ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਕਸ਼ਮੀਰ ਦਾ ਮੁੱਦਾ ਚੁੱਕਿਆ, ਜਿਸ 'ਤੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ।
ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਮੁਨੀਰ ਅਕਰਮ ਨੇ ਕਿਹਾ ਕਿ ਇਸ ਸਮੇਂ ਕਸ਼ਮੀਰ ਦੇ ਲੋਕਾਂ ਦੀ ਹਾਲਤ ਫਲਸਤੀਨੀਆਂ ਵਰਗੀ ਹੈ। ਜਿਸ ਤਰ੍ਹਾਂ ਇਜ਼ਰਾਈਲ ਫਲਸਤੀਨ ਵਿਚ ਲੋਕਾਂ ਦੀ ਆਜ਼ਾਦੀ ਨੂੰ ਦਬਾ ਰਿਹਾ ਹੈ, ਉਸੇ ਤਰ੍ਹਾਂ ਭਾਰਤ ਵੀ ਕਸ਼ਮੀਰ ਵਿਚ ਕਸ਼ਮੀਰੀਆਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰ ਰਿਹਾ ਹੈ। ਜਿਸ 'ਤੇ ਭਾਰਤੀ ਅਧਿਕਾਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਇਜ਼ਰਾਈਲ-ਫਲਸਤੀਨ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੇ ਪੱਖ 'ਚ ਰਿਹਾ ਹੈ।
ਇਹ ਵੀ ਪੜ੍ਹੋ: Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਦੀਆਂ ਮੁਸ਼ਕਲਾਂ ਵਧੀਆਂ, ਕਿਸਾਨ ਜਥੇਬੰਦੀਆਂ ਵੀ ਐਕਸ਼ਨ ਮੋਡ 'ਚ
ਭਾਰਤ ਨੇ ਪਾਕਿਸਤਾਨ ਦਾ ਮੂੰਹ ਕੀਤਾ ਬੰਦ
ਇਜ਼ਰਾਈਲ-ਫਲਸਤੀਨ ਸੰਘਰਸ਼ 'ਤੇ ਪ੍ਰਤੀਕਿਰਿਆ ਦੇਣ ਤੋਂ ਤੁਰੰਤ ਬਾਅਦ, ਭਾਰਤੀ ਅਧਿਕਾਰੀ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਹੋਇਆਂ ਕਿਹਾ, 'ਮੈਂ ਖਤਮ ਕਰਨ ਤੋਂ ਪਹਿਲਾਂ, ਉਸ ਟਿੱਪਣੀ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜੋ ਕਿਸੇ ਵਫਦ ਦੀ ਪੁਰਾਣੀ ਆਦਤ ਵਾਂਗ ਸੀ। ਇਸ ਵਿੱਚ ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਮੇਰੇ ਦੇਸ਼ ਦਾ ਅੰਦਰੂਨੀ ਅਤੇ ਅਨਿੱਖੜਵਾਂ ਅੰਗ ਹਨ। ਮੈਂ ਅਜਿਹੀਆਂ ਟਿੱਪਣੀਆਂ ਨੂੰ ਨਿਰਾਦਰ ਦੀ ਕੋਸ਼ਿਸ਼ ਸਮਝਦਾ ਹਾਂ ਅਤੇ ਇਨ੍ਹਾਂ ਦਾ ਜਵਾਬ ਦੇ ਕੇ ਕੋਈ ਸਨਮਾਨ ਨਹੀਂ ਦੇਣਾ ਚਾਹੁੰਦਾ।
ਅਨਵਾਰੁਲ ਹੱਕ ਕੱਕੜ ਨੇ ਅਲਾਪਿਆ ਕਸ਼ਮੀਰ ਦਾ ਰਾਗ
ਜ਼ਿਕਰਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ, ਉਦੋਂ ਵੀ ਭਾਰਤ ਨੇ ਪਾਕਿਸਤਾਨ ਨੂੰ ਘੇਰਿਆ ਸੀ। ਉਦੋਂ ਭਾਰਤ ਨੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਭਾਰਤੀ ਇਲਾਕੇ ਖਾਲੀ ਕਰਵਾਏ ਜਾਣ ਅਤੇ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਨੂੰ ਰੋਕਿਆ ਜਾਵੇ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪਾਕਿਸਤਾਨ ਸਭ ਤੋਂ ਵੱਧ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਹੁਣ ਤੱਕ ਇਸ ਦੇਸ਼ ਨੇ 26/11 ਦੇ ਅੱਤਵਾਦੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।